ਵਿਦੇਸ਼ੀ ਮੁਦਰਾ ਭੰਡਾਰ ’ਚ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ

Sunday, Apr 10, 2022 - 11:44 AM (IST)

ਵਿਦੇਸ਼ੀ ਮੁਦਰਾ ਭੰਡਾਰ ’ਚ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਜਾਰੀ ਅੰਕੜਿਆਂ ਮੁਤਾਬਕ ਭੂ-ਸਿਆਸੀ ਹਾਲਾਤਾਂ ਕਾਰਨ ਮੁਦਰਾ ਦਬਾਅ ’ਚ ਆਉਣ ਕਾਰਨ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹੁਣ ਤੱਕ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਨਾਲ 11.173 ਅਰਬ ਡਾਲਰ ਘਟ ਕੇ 606.475 ਅਰਬ ਡਾਲਰ ਰਹਿ ਗਿਆ ਹੈ। ਪਿਛਲੇ ਹਫਤੇ ’ਚ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.03 ਬਿਲੀਅਨ ਅਮਰੀਕੀ ਡਾਲਰ ਘਟ ਕੇ 617.648 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੀ ਸਭ ਤੋਂ ਖਰਾਬ ਹਫਤਾਵਾਰੀ ਗਿਰਾਵਟ 11 ਮਾਰਚ ਨੂੰ ਆਈ ਸੀ, ਉਦੋਂ ਵਿਦੇਸ਼ੀ ਮੁਦਰਾ ਭੰਡਾਰ ’ਚ 9.6 ਬਿਲੀਅਨ ਅਮਰੀਕੀ ਡਾਲਰ ਦੀ ਗਿਰਾਵਟ ਆਈ ਸੀ।

ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ ਦਾ ਕਾਰਨ

ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ ਮੁੱਖ ਮੁਦਰਾ ਜਾਇਦਾਦਾਂ ’ਚ ਗਿਰਾਵਟ ਕਾਰਨ ਆਈ ਜੋ 10.727 ਬਿਲੀਅਨ ਅਮਰੀਕੀ ਡਾਲਰ ਡਿਗ ਕੇ 539.727 ਬਿਲੀਅਨ ਅਮਰੀਕੀ ਡਾਲਰ ਰਹਿ ਗਈ। ਫਿਲਹਾਲ ਯੂਕ੍ਰੇਨ ’ਤੇ ਰੂਸੀ ਹਮਲੇ ਨੇ ਮੁਦਰਾ ਬਾਜ਼ਾਰਾਂ ’ਚ ਪ੍ਰੇਸ਼ਾਨੀਆਂ ਪੈਦਾ ਕਰ ਦਿੱਤੀਆਂ ਹਨ। ਡਾਲਰ ’ਚ ਦਰਸਾਏ ਵਿਦੇਸ਼ੀ ਮੁਦਰਾ ਭੰਡਾਰ ’ਚ ਰੱਖੇ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੇ ਗੈਰ ਅਮਰੀਕੀ ਮੁਦਰਾ ’ਚ ਮੁੱਲ ਵਾਧੇ ਅਤੇ ਘਾਟੇ ਦੇ ਪ੍ਰਭਾਵ ਸ਼ਾਮਲ ਹਨ। ਆਮ ਤੌਰ ’ਤੇ ਮੁਦਰਾ ਬਾਜ਼ਾਰ ’ਚ ਅਸਥਿਰਤਾ ਨੂੰ ਘੱਟ ਕਰਨ ਲਈ ਆਰ. ਬੀ. ਆਈ. ਆਪਣੇ ਭੰਡਾਰ ਤੋਂ ਕੁੱਝ ਹਿੱਸਾ ਵੇਚ ਕੇ ਬਾਜ਼ਾਰ ’ਚ ਦਖਲਅੰਦਾਜ਼ੀ ਕਰਦਾ ਹੈ।

ਸੋਨੇ ਦੇ ਭੰਡਾਰ ਦਾ ਮੁੱਲ ਵੀ ਘਟਿਆ

ਆਰ. ਬੀ. ਆਈ. ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦਾ ਮੁੱਲ ਵੀ 507 ਮਿਲੀਅਨ ਅਮਰੀਕੀ ਡਾਲਰ ਘਟ ਕੇ 42.734 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਆਰ. ਬੀ. ਆਈ. ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨਾਲ ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 58 ਮਿਲੀਅਨ ਅਮਰੀਕੀ ਡਾਲਰ ਵਧ ਕੇ 18.879 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਆਈ. ਐੱਮ. ਐੱਫ. ਨਾਲ ਦੇਸ਼ ਦੀ ਰਿਜ਼ਰਵ ਪੋਜੀਸ਼ਨ ਵੀ ਸਮੀਖਿਆ ਅਧੀਨ ਹਫਤੇ ’ਚ 4 ਮਿਲੀਅਨ ਅਮਰੀਕੀ ਡਾਲਰ ਵਧ ਕੇ 5.136 ਬਿਲੀਅਨ ਅਮਰੀਕੀ ਡਾਲਰ ਹੋ ਗਈ ਹੈ।


author

Harinder Kaur

Content Editor

Related News