ਕੋਰੋਨਾ ਦਾ ਕਹਿਰ : ਅਮਰੀਕੀ ਸ਼ੇਅਰ ਬਾਜ਼ਾਰ ''ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ

02/28/2020 6:38:00 PM

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਹਾਹਾਕਾਰ ਮੱਚਿਆ ਹੋਇਆ ਹੈ। ਹਫਤੇ ਦੇ ਆਖਰੀ ਦਿਨ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਧਣ ਦੇ ਖਦਸ਼ੇ ਨਾਲ ਗਲੋਬਲ ਅਰਥਵਿਵਸਥਾ 'ਤੇ ਗੰਭੀਰ ਅਸਰ ਪੈਣ ਦੇ ਖਦਸ਼ੇ ਕਾਰਨ ਦੁਨੀਆ ਭਰ ਦੇ ਬਜ਼ਾਰਾਂ ਵਿਚ ਚਿੰਤਾ ਦੇਖਣ ਨੂੰ ਮਿਲ ਰਹੀ ਹੈ। 

ਭਾਰਤੀ ਸ਼ੇਅਰ ਬਾਜ਼ਾਰ ਦਾ ਹਾਲ

ਦੁਪਹਿਰ 3 ਵਜੇ ਦੇ ਕਰੀਬ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 1,505.27 ਅੰਕ ਯਾਨੀ ਕਿ 3.79 ਦੀ ਗਿਰਾਵਟ ਦੇ ਬਾਅਦ 38,240.39 ਦੇ ਪੱਧਰ 'ਤੇ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 450.75 ਅੰਕ ਯਾਨੀ ਕਿ 3.87 ਫੀਸਦੀ ਦੀ ਗਿਰਾਵਟ ਦੇ ਬਾਅਦ 11,182.55 ਦੇ ਪੱਧਰ 'ਤੇ ਸੀ। ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇ ਕੁਝ ਮਿੰਟਾਂ ਬਾਅਦ ਹੀ ਨਿਵੇਸ਼ਕਾਂ ਦੇ ਕਰੀਬ ਪੰਜ ਲੱਖ ਕਰੋੜ ਰੁਪਏ ਡੁੱਬ ਗਏ। 

ਕਾਰੋਬਾਰ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ। ਸੈਂਸੈਕਸ 1,448.37 ਅੰਕ ਯਾਨੀ ਕਿ 3.64 ਫੀਸਦੀ ਦੀ ਗਿਰਾਵਟ ਦੇ ਨਾਲ 38297.29 ਅੰਕ ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ 414.10 ਅੰਕ ਯਾਨੀ ਕਿ 3.56 ਅੰਕ ਡਿੱਗ ਕੇ 11219.20 ਅੰਕ 'ਤੇ ਬੰਦ ਹੋਇਆ ਹੈ।

ਅਮਰੀਕਾ ਸਮੇਤ ਗਲੋਬਲ ਬਜ਼ਾਰਾਂ ਦਾ ਹਾਲ

ਅਮਰੀਕਾ ਦਾ ਸ਼ੇਅਰ ਬਾਜ਼ਾਰ 2008 ਦੇ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਡਾਓ ਜੋਂਸ 'ਚ ਇਕ ਦਿਨ 'ਚ ਸਭ ਤੋਂ ਵੱਡੀ 1,191 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਇਸ 'ਚ ਚਾਰ ਫੀਸਦੀ ਦੀ ਕਮੀ ਆਈ ਹੈ। ਦੱਖਣੀ ਕੋਰੀਆ, ਇਟਲੀ ਅਤੇ ਈਰਾਨ 'ਚ ਵੀ ਇਸ ਵਾਇਰਸ ਦਾ ਅਸਰ ਦੇਖਿਆ ਜਾ ਰਿਹਾ ਹੈ। ਐਫ.ਟੀ.ਐਸ.ਈ. 'ਚ 3.49 ਫੀਸਦੀ ਦੀ ਗਿਰਾਵਟ ਆਈ ਹੈ, ਜਾਪਾਨ ਦੇ ਨਿਕਕਈ 'ਚ 4.02 ਫੀਸਦੀ, ਨੈਸਡੈਕ 'ਚ 4.61 ਫੀਸਦੀ, ਸ਼ੰਘਾਈ ਕੰਪੋਜ਼ਿਟ 'ਚ 3.37 ਫੀਸਦੀ ਅਤੇ ਹੈਂਗਸੇਂਗ 'ਚ 2.50 ਫੀਸਦੀ ਦੀ ਗਿਰਾਵਟ ਆਈ ਹੈ।

ਦੁਨੀਆ ਭਰ ਦੇ ਸ਼ੇਅਰ ਬਾਜ਼ਾਰ 'ਚ ਰਹੀ ਗਿਰਾਵਟ

ਸ਼ੇਅਰ ਬਜ਼ਾਰ      ਗਿਰਾਵਟ ਅੰਕਾਂ 'ਚ          ਬਦਲਾਅ(ਫੀਸਦੀ 'ਚ)
ਨੈਸਡੈਕ                  414                            4.61
ਨਿਕਕਈ                803                            4.02
ਐਫ.ਟੀ.ਐਸ.ਈ.       246                            3.49
ਸ਼ੰਘਾਈ ਕੰਪੋਜ਼ਿਟ      100.77                        3.37
ਡੀ.ਏ.ਐਕਸ.           407                            3.19
ਹੈਂਗਸ਼ੇਂਗ                 670                            2.50

ਲਗਾਤਾਰ 6 ਦਿਨਾਂ ਤੋਂ ਬਜ਼ਾਰ 'ਚ ਗਿਰਾਵਟ

ਚੀਨ ਦੇ ਬਾਹਰ ਵੀ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਗਲੋਬਲ ਬਜ਼ਾਰਾਂ ਵਿਚ ਗਿਰਾਵਟ ਦਾ ਦੌਰ ਜਾਰੀ ਹੈ। ਇਸਦੇ ਕਾਰਨ ਨਿਵੇਸ਼ਕ ਬਜ਼ਾਰ ਵਿਚੋਂ ਪੈਸਾ ਕੱਢ ਰਹੇ ਹਨ। ਲਗਾਤਾਰ 6 ਦਿਨਾਂ ਤੋਂ ਬਜ਼ਾਰ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਨ੍ਹਾਂ 6 ਦਿਨਾਂ 'ਚ ਨਿਵੇਸ਼ਕਾਂ ਨੂੰ ਕਰੀਬ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।


Related News