ਤੇਜਸ ਦੇ ਇੰਜਣਾਂ ਦੀ ਸਪਲਾਈ ’ਚ ਦੇਰੀ, ਅਮਰੀਕੀ ਕੰਪਨੀ ਨੂੰ ਦੇਣਾ ਪਏਗਾ ਜੁਰਮਾਨਾ
Tuesday, Oct 29, 2024 - 06:12 PM (IST)
ਨਵੀਂ ਦਿੱਲੀ (ਯੂ. ਐੱਨ. ਆਈ) - ਸਵਦੇਸ਼ੀ ਲੜਾਕੂ ਹਵਾਈ ਜਹਾਜ਼ ਤੇਜਸ ਦੇ ਅਪਗ੍ਰੇਡ ਕੀਤੇ ਮਾਡਲ ਤੇਜਸ ਮਾਰਕ-1 ਏ ਲਈ ਇੰਜਣਾਂ ਦੀ ਸਪਲਾਈ ’ਚ ਦੋ ਸਾਲ ਦੀ ਦੇਰੀ ਨੂੰ ਲੈ ਕੇ ਅਮਰੀਕੀ ਕੰਪਨੀ ਜੀ. ਈ. ਨੂੰ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਜੁਰਮਾਨਾ ਅਦਾ ਕਰਨਾ ਹੋਵੇਗਾ। ਤੇਜਸ ਮਾਰਕ-1 ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਇੰਜਣ ਮਾਰਚ 2023 ’ਚ ਸਪਲਾਈ ਕੀਤੇ ਜਾਣੇ ਸਨ ਪਰ ਇਹ ਅਜੇ ਤੱਕ ਨਹੀਂ ਕੀਤੇ ਗਏ।
ਜੀ. ਈ. ਨੇ ਹੁਣ ਕਿਹਾ ਹੈ ਕਿ ਅਗਲੇ ਸਾਲ ਅਪ੍ਰੈਲ ਤੋਂ ਇਨ੍ਹਾਂ ਇੰਜਣਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਏਗੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਉੱਚ ਪੱਧਰੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਮੇਂ ’ਤੇ ਇੰਜਣਾਂ ਦੀ ਡਲਿਵਰੀ ਨਾ ਹੋਣ ਕਾਰਨ ਭਾਰਤ ਨੇ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਜੀ. ਈ. ਨੂੰ ਜੁਰਮਾਨਾ ਲਾਇਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇੰਜਣਾਂ ਦੀ ਸਪਲਾਈ ਨਾ ਹੋਣ ਦਾ ਕਾਰਨ ਕੋਈ ਸਿਆਸੀ ਦਬਾਅ ਨਹੀਂ ਹੈ। ਤਕਨੀਕੀ ਕਾਰਨਾਂ ਕਰ ਕੇ ਹੀ ਸਪਲਾਈ ਨਹੀਂ ਹੋ ਸਕੀ।