ਆਸਮਾਨ ਤੋਂ ਡਿੱਗ ਕੇ ਨਹੀਂ ਆਵੇਗੀ 5 ਟ੍ਰਿਲੀਅਨ ਡਾਲਰ ਦੀ ਇਕਾਨਮੀ : ਪ੍ਰਣਬ
Monday, Jul 22, 2019 - 10:45 AM (IST)
ਨਵੀਂ ਦਿੱਲੀ — ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪਿਛਲੇ 50-55 ਸਾਲਾਂ ਦੇ ਕਾਂਗਰਸ ਦੇ ਸ਼ਾਸਨ ਦੀ ਆਲੋਚਨਾ ਕਰਦੇ ਹਨ, ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਕਿਸ ਸਥਿਤੀ ਤੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਕਿਸ ਸਥਿਤੀ ’ਚ ਅਸੀਂ ਉਸ ਨੂੰ ਲਿਆ ਕੇ ਛੱਡਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਦੀ ਬਣਦੀ ਹੈ ਤਾਂ ਇਸ ਦੇ ਪਿੱਛੇ ਇਕ ਮਜ਼ਬੂਤ ਆਧਾਰ ਹੈ। ਇਹ ਆਸਮਾਨ ਤੋਂ ਡਿੱਗ ਕੇ ਨਹੀਂ ਆਵੇਗੀ। ਇਹ ਆਧਾਰ ਉਸ 1.8 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਹੈ, ਜਿਸ ਦੀ ਸ਼ੁਰੂਆਤ ਜ਼ੀਰੋ ਤੋਂ ਹੋਈ ਸੀ। ਅਜਿਹਾ ਬਹੁਤ ਘੱਟ ਹੋਇਆ ਹੈ, ਜਦੋਂ ਪ੍ਰਣਬ ਨੇ ਮੋਦੀ ਸਰਕਾਰ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਹੋਵੇ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਚ ਦਾਅਵਾ ਕੀਤਾ ਸੀ ਕਿ ਭਾਰਤ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਸਰਕਾਰ ਦੇ ਮੰਤਰੀ ਅਤੇ ਖੁਦ ਪ੍ਰਧਾਨ ਮੰਤਰੀ ਮੋਦੀ ਇਸ ਗੱਲ ਨੂੰ ਕਾਫੀ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ ਕਿ ਅਰਥਵਿਵਸਥਾ ਦਾ ਸਰੂਪ ਵਧਣ ਨਾਲ ਜਨਤਾ ਦਾ ਫਾਇਦਾ ਹੋਵੇਗਾ।
ਠੋਸ ਆਧਾਰ ਅੰਗਰੇਜ਼ਾਂ ਨੇ ਨਹੀਂ ਭਾਰਤੀਆਂ ਨੇ ਬਣਾਇਆ
ਪ੍ਰਣਬ ਨੇ ਕਿਹਾ ਕਿ ਜਦੋਂ ਉਹ ਵਿੱਤ ਮੰਤਰੀ ਸਨ ਅਤੇ ਸੰਸਦ ’ਚ ਬਜਟ ਪੇਸ਼ ਕਰ ਰਹੇ ਸਨ ਤਾਂ ਉਨ੍ਹਾਂ ਕਿਹਾ ਸੀ ਕਿ 2024 ਤੱਕ ਭਾਰਤ ਦੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ। ਇੰਨੀ ਵੱਡੀ ਅਰਥਵਿਵਸਥਾ ਸਵਰਗ ਤੋਂ ਨਹੀਂ ਆਵੇਗੀ। ਇਸ ਦੇ ਪਿੱਛੇ ਇਕ ਠੋਸ ਆਧਾਰ ਹੈ ਅਤੇ ਉਹ ਆਧਾਰ ਅੰਗਰੇਜ਼ਾਂ ਨੇ ਨਹੀਂ, ਆਜ਼ਾਦੀ ਤੋਂ ਬਾਅਦ ਭਾਰਤੀਆਂ ਨੇ ਬਣਾਇਆ ਸੀ। ਸਾਬਕਾ ਰਾਸ਼ਟਰਪਤੀ ਨੇ ਦਿੱਲੀ ’ਚ ਦਿੱਤੇ ਇਕ ਭਾਸ਼ਣ ’ਚ ਇਹ ਗੱਲ ਕਹੀ। ਉਹ ਆਮ ਤੌਰ ’ਤੇ ਸਰਕਾਰਾਂ ਦੇ ਕਾਰੋਬਾਰ ’ਤੇ ਟਿੱਪਣੀ ਕਰਨ ਤੋਂ ਬਚਦੇ ਰਹੇ ਹਨ।
ਭਾਰਤ ਨੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕੀਤੀ
2012 ’ਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਤੱਕ ਪੂਰੀ ਉਮਰ ਕਾਂਗਰਸੀ ਰਹੇ ਪ੍ਰਣਬ 1980 ਦੇ ਦਹਾਕੇ ਤੋਂ ਹੀ ਕਈ ਸਰਕਾਰਾਂ ’ਚ ਵਿੱਤ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕੀਤੀ ਕਿਉਂਕਿ ਪਹਿਲਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਹੋਰਾਂ ਨੇ ਆਈ. ਆਈ. ਟੀ., ਇਸਰੋ, ਆਈ. ਆਈ. ਐੱਮ., ਬੈਂਕਿੰਗ ਨੈੱਟਵਰਕ ਵਰਗੀਆਂ ਤਮਾਮ ਚੀਜ਼ਾਂ ਦੀ ਸਥਾਪਨਾ ਕੀਤੀ। ਅਰਥਵਿਵਸਥਾ ਦਾ ਉਦਾਰੀਕਰਨ ਕਰ ਕੇ ਡਾ. ਮਨਮੋਹਨ ਸਿੰਘ ਅਤੇ ਨਰਸਿਮ੍ਹਾ ਰਾਵ ਨੇ ਇਸ ਨੂੰ ਅੱਗੇ ਵਧਾਇਆ। ਇਸ ਨੇ ਭਾਰਤੀ ਅਰਥਵਿਵਸਥਾ ਦੀ ਸਮਰੱਥਾ ਦਾ ਵਿਸਤਾਰ ਕੀਤਾ। ਇਹ ਉਹ ਨੀਂਹ ਹੈ, ਜਿਸ ’ਤੇ ਅੱਜ ਵਿੱਤ ਮੰਤਰੀ ਦਾਅਵਾ ਕਰ ਸਕਦੇ ਹਨ ਕਿ ਭਾਰਤ ਦੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ।
ਮੋਦੀ ਸਰਕਾਰ ਦਾ ਦੂਜਾ ਕਾਰਜਕਾਲ : ਪਹਿਲੇ 50 ਦਿਨਾਂ ’ਚ ਆਰਥਿਕ ਵਾਧੇ ਨੂੰ ਤੇਜ਼ ਕਰਨ ’ਤੇ ਜ਼ੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 50 ਦਿਨਾਂ ’ਚ ਆਰਥਿਕ ਵਾਧੇ ਨੂੰ ਤੇਜ਼ ਕਰਨ ਅਤੇ ਦੇਸ਼ ਨੂੰ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਨੂੰ ਪਹਿਲ ਦਿੱਤੀ ਹੈ। ਸਰਕਾਰ ਦੇ ਨੀਤੀ ਨਿਰਮਾਣ ਨਾਲ ਜੁਡ਼ੇ 2 ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਪਿਛਲੇ 50 ਦਿਨਾਂ ’ਚ ਸੁਧਾਰ ਦੇ ਕਈ ਕਦਮ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਕਦਮਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਨੇ ਕਿਹਾ,‘‘ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਹਾਲਾਤ ਨੂੰ ਵਧੀਆ ਬਣਾਉਣ ਵਾਲੇ ਬਦਲਾਅ ਆਰਥਿਕ ਵਾਧੇ ਅਤੇ ਸਮੂਹਿਕ ਵਿਕਾਸ ਜ਼ਰੀਏ ਹੀ ਲਿਆਂਦੇ ਜਾ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇ. ਐਂਡ ਕੇ. ਬੈਂਕ ’ਚੋਂ ਭ੍ਰਿਸ਼ਟ ਅਧਿਕਾਰੀਆਂ ਦੀ ਸਫਾਈ ਸਮੇਤ ਕਈ ਵਿਭਾਗਾਂ ਤੋਂ ਭ੍ਰਿਸ਼ਟ ਨੌਕਰਸ਼ਾਹਾਂ ਨੂੰ ਹਟਾ ਕੇ ਭ੍ਰਿਸ਼ਟਾਚਾਰ ’ਤੇ ਕੁੱਝ ਵੀ ਬਰਦਾਸ਼ਤ ਨਾ ਕਰਨ ਦੀ ਨੀਅਤ ਸਾਫ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਰਤ ਸੁਧਾਰ, ਗਰੀਬਾਂ ਨੂੰ ਚੂਨਾ ਲਾਉਣ ਵਾਲੇ ਧੋਖੇਬਾਜ਼ਾਂ ਖਿਲਾਫ ਸਖਤ ਕਾਨੂੰਨ, ਬੱਚਿਆਂ ਦਾ ਯੋਨ ਸ਼ੋਸ਼ਣ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ, ਖਰੀਫ ਫਸਲਾਂ ਹਿੱਤ ਜ਼ਿਆਦਾ ਹੇਠਲਾ ਸਮਰਥਨ ਮੁੱਲ ਆਦਿ ਉਨ੍ਹਾਂ ਕਦਮਾਂ ’ਚ ਸ਼ਾਮਲ ਹਨ, ਜੋ ਪਿਛਲੇ 50 ਦਿਨਾਂ ’ਚ ਸਰਕਾਰ ਨੇ ਚੁੱਕੇ ਹਨ।
ਰਾਜਨੀਤਕ ਸੁਪਰਵਾਈਜ਼ਰਾਂ ਅਨੁਸਾਰ ਮੋਦੀ ਸਰਕਾਰ ਨੇ ਚੋਣਾਂ ’ਚ ਭਾਰੀ ਸਫਲਤਾ ਤੋਂ ਬਾਅਦ 30 ਮਈ ਨੂੰ ਦੁਬਾਰਾ ਸੱਤਾ ਸੰਭਾਲਦੇ ਹੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਕਈ ਕਦਮ ਚੁੱਕੇ। ਇਸ ’ਚ ਕਿਸਾਨਾਂ, ਛੋਟੇ ਵਪਾਰੀਆਂ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਸਾਰੇ ਕਿਸਾਨਾਂ ਨੂੰ ਦੇਣਾ, ਜਲ ਸ਼ਕਤੀ ਮੰਤਰਾਲਾ ਦੀ ਸਥਾਪਨਾ ਵਰਗੇ ਕਦਮ ਸ਼ਾਮਲ ਹਨ।