ਬਜਟ 2021 : ਟੈਕਸਟਾਈਲ ਉਦਯੋਗ ਨੂੰ ਬਜਟ ''ਚ ਰਾਹਤ ਪੈਕੇਜ ਦੀ ਉਮੀਦ
Monday, Jan 18, 2021 - 02:54 PM (IST)
ਨਵੀਂ ਦਿੱਲੀ- ਮਹਾਮਾਰੀ ਵਿਚਕਾਰ ਟੈਕਸਟਾਈਲ ਉਦਯੋਗ ਨਾਲ ਜੁੜੇ ਕਾਰੋਬਾਰੀ ਬਜਟ ਵਿਚ ਰਾਹਤ ਪੈਕੇਜ ਦੀ ਉਡੀਕ ਕਰ ਰਹੇ ਹਨ। ਟਰੇਡਰਜ਼ ਦਾ ਕਹਿਣਾ ਹੈ ਕਿ ਜਦੋਂ ਆਮ ਲੋਕਾਂ ਵਿਚ ਖ਼ੁਸ਼ਹਾਲੀ ਪਰਤੇਗੀ ਤਾਂ ਖ਼ਰੀਰਦਾਰੀ ਵਧੇਗੀ ਅਤੇ ਕਾਰੋਬਾਰ ਰਫ਼ਤਾਰ ਫੜੇਗਾ। ਵਿਆਹ-ਸ਼ਾਦੀਆਂ ਵਿਚ ਲੋਕਾਂ ਦੇ ਇਕੱਠ 'ਤੇ ਲੱਗੀ ਪਾਬੰਦੀ ਹਟੇਗੀ ਤਾਂ ਬਾਜ਼ਾਰਾਂ ਵਿਚ ਕਪੜਿਆਂ ਦੀ ਵਿਕਰੀ ਵਿਚ ਵਾਧਾ ਹੋਵੇਗਾ।
ਦਿੱਲੀ ਹਿੰਦੁਸਤਾਨ ਮਰਕੈਨਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਸਿੰਘਾਨੀਆ ਨੇ ਕਿਹਾ ਕਿ ਹੁਣ ਕੋਰੋਨਾ ਟੀਕਾ ਵੀ ਆ ਗਿਆ ਹੈ। ਹੌਲੀ-ਹੌਲੀ ਹਰ ਚੀਜ਼ ਪਹਿਲਾਂ ਦੀ ਤਰ੍ਹਾਂ ਹੋਣੀ ਸ਼ੁਰੂ ਹੋ ਜਾਵੇਗੀ, ਫਿਰ ਕਾਰੋਬਾਰ ਨੂੰ ਗਤੀ ਮਿਲੇਗੀ। ਫਿਲਹਾਲ ਕਾਰੋਬਾਰ ਮੰਦੀ ਦੀ ਪਕੜ ਵਿਚ ਹੈ। ਸਰਹੱਦ 'ਤੇ ਬੈਠੇ ਕਿਸਾਨਾਂ ਦੀ ਵਜ੍ਹਾ ਨਾਲ ਵੀ ਦਿੱਲੀ ਦਾ ਵਪਾਰ ਪ੍ਰਭਾਵਿਤ ਹੈ।
ਉਨ੍ਹਾਂ ਕਿਹਾ ਕਿ ਜੇਕਰ ਬਜਟ ਵਿਚ ਰਾਹਤ ਪੈਕੇਜ ਮਿਲਦਾ ਹੈ ਤਾਂ ਇਹ ਖੇਤਰ ਤੇਜ਼ੀ ਨਾਲ ਰਫ਼ਤਾਰ ਫੜੇਗਾ। ਇਸ ਤੋਂ ਇਲਾਵਾ ਜੇਕਰ ਆਮ ਲੋਕਾਂ ਨੂੰ ਇਨਕਮ ਟੈਕਸ ਵਿਚ ਰਾਹਤ ਮਿਲਦੀ ਹੈ ਤਾਂ ਉਨ੍ਹਾਂ ਦੇ ਹੱਥਾਂ ਵਿਚ ਪੈਸਾ ਜ਼ਿਆਦਾ ਹੋਵੇਗਾ ਤਾਂ ਉਹ ਖ਼ਰਚ ਵੀ ਜ਼ਿਆਦਾ ਕਰਨਗੇ, ਜਦੋਂ ਖ਼ਰਚ ਜ਼ਿਆਦਾ ਕਰਨਗੇ ਤਾਂ ਕਪੜੇ ਵੀ ਖ਼ਰੀਦਣਗੇ। ਉਨ੍ਹਾਂ ਕਿਹਾ ਕਿ ਟੈਕਸਟਾਈਲ ਮੰਤਰੀ ਸਮ੍ਰਿਤੀ ਈਰਾਨੀ ਨੇ ਉਦਯੋਗ ਨੂੰ ਰਾਹਤ ਪੈਕੇਜ ਦੇਣ ਦੀ ਗੱਲ ਆਖੀ ਹੈ, ਜੋ ਅਜੇ ਤੱਕ ਨਹੀਂ ਆਇਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਵਿਚ ਪੈਕੇਜ ਲਿਆਉਣਗੇ। ਅਸੀਂ ਸਮ੍ਰਿਤੀ ਈਰਾਨੀ ਦੇ ਬਿਆਨ 'ਤੇ ਵਿਸ਼ਵਾਸ ਕਰਦੇ ਹਾਂ। ਜੇਕਰ ਦੇਸ਼ ਦੀ ਜੀ. ਡੀ. ਪੀ. ਅਤੇ ਆਰਥਿਕਤਾ ਵਧੇਗੀ ਤਾਂ ਵਪਾਰ ਵਧੇਗਾ।