ਟੈਸਲਾ ਦੀ ਭਾਰਤੀ ਬਾਜ਼ਾਰ ’ਚ ਦਸਤਕ, ਅਗਲੇ ਹਫ਼ਤੇ ਮੁੰਬਈ ’ਚ ਖੋਲ੍ਹੇਗੀ ਸਟੋਰ

Saturday, Jul 12, 2025 - 05:20 AM (IST)

ਟੈਸਲਾ ਦੀ ਭਾਰਤੀ ਬਾਜ਼ਾਰ ’ਚ ਦਸਤਕ, ਅਗਲੇ ਹਫ਼ਤੇ ਮੁੰਬਈ ’ਚ ਖੋਲ੍ਹੇਗੀ ਸਟੋਰ

ਨਵੀਂ  ਦਿੱਲੀ (ਭਾਸ਼ਾ) - ਦੁਨੀਆ ਦੀ ਪ੍ਰਮੁੱਖ ਇਲੈਕਟ੍ਰਿਕ ਵਾਹਨ  (ਈ. ਵੀ.) ਵਿਨਿਰਮਾਤਾ ਟੈਸਲਾ ਅਗਲੇ ਹਫਤੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ’ਚ ਆਪਣਾ ਪਹਿਲਾ ‘ਐਕਸਪੀਰੀਅੰਸ ਸੈਂਟਰ’ ਖੋਲ੍ਹੇਗੀ। ਕੰਪਨੀ  ਇਸ ਦੇ ਉਦਘਾਟਨ  ਦੇ ਨਾਲ ਭਾਰਤੀ  ਬਾਜ਼ਾਰ ’ਚ ਰਸਮੀ ਤੌਰ ’ਤੇ ਦਾਖ਼ਲ ਹੋਣ ਲਈ ਪੂਰੀ  ਤਰ੍ਹਾਂ ਤਿਆਰ ਹੈ।  

ਉਦਯੋਗਪਤੀ  ਐਲਨ ਮਸਕ  ਦੀ ਅਗਵਾਈ ਵਾਲੀ ਇਸ ਕੰਪਨੀ ਨੇ 15  ਜੁਲਾਈ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ  ਨੂੰ ‘ਭਾਰਤ ’ਚ ਟੈਸਲਾ ਦੀ ਸ਼ੁਰੂਆਤ’ ਦੇ ਤੌਰ ’ਤੇ ਪੇਸ਼ ਕਰਦੇ ਹੋਏ ਚੋਣਵੇਂ ਸੱਦੇ ਭੇਜੇ ਹਨ। ਇਸ ਬਾਰੇ ਫਿਲਹਾਲ ਟੈਸਲਾ ਵੱਲੋਂ  ਕੋਈ ਟਿੱਪਣੀ ਨਹੀਂ ਮਿਲੀ ਹੈ।  

ਉਦਯੋਗ  ਮਾਹਰਾਂ ਅਨੁਸਾਰ, ਆਸਟਿਨ ਸਥਿਤ  ਕੰਪਨੀ ਨੇ ਚੀਨ ਸਥਿਤ ਆਪਣੇ ਪਲਾਂਟ ਤੋਂ  ਕਾਰਾਂ ਦੀ ਪਹਿਲੀ ਖੇਪ ‘ਮਾਡਲ ਵਾਈ’ ਰੀਅਰ- ਵ੍ਹੀਲ ਡਰਾਈਵ ਐੱਸ. ਯੂ. ਵੀ. ਪਹਿਲਾਂ ਹੀ ਬਾਜ਼ਾਰ ’ਚ  ਉਤਾਰ ਦਿੱਤੀ ਹੈ।  ਟੈਸਲਾ ਇੰਡੀਆ ਨੇ  ਪਿਛਲੇ ਮਹੀਨੇ ਮੁੰਬਈ  ਦੇ ਲੋਢਾ ਲਾਜਿਸਟਿਕ ਪਾਰਕ ’ਚ 24,565 ਵਰਗ ਫੁੱਟ  ਦੇ ਗੋਦਾਮ  ਖੇਤਰ ਨੂੰ 5 ਸਾਲ ਦੀ ਮਿਆਦ ਲਈ ਪੱਟੇ ’ਤੇ  ਲਿਆ ਸੀ। 

 ਅਮਰੀਕੀ ਰਾਸ਼ਟਰਪਤੀ  ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਟੈਸਲਾ ਭਾਰਤ  ਦੇ  ਟੈਰਿਫ ਤੋਂ ਬਚਣ ਲਈ ਭਾਰਤ ’ਚ  ਕਾਰਖਾਨਾ ਲਗਾਉਂਦੀ ਹੈ, ਤਾਂ ਇਹ ਅਮਰੀਕਾ ਲਈ ‘ਅਣ-ਉਚਿਤ ਹੋਵੇਗਾ। ਟੈਸਲਾ ਅਜਿਹੇ ਸਮੇਂ ’ਚ ਭਾਰਤੀ ਬਾਜ਼ਾਰ ’ਚ ਦਾਖ਼ਲ ਹੋ ਰਹੀ ਹੈ, ਜਦੋਂ ਉਸ ਨੂੰ ਯੂਰਪ ਅਤੇ ਚੀਨ ’ਚ ਵਿਕਰੀ ’ਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Inder Prajapati

Content Editor

Related News