ਮਿਡਲ ਈਸਟ ਦੀ ਟੈਂਸ਼ਨ ਨੇ ਸੋਨੇ ਦੀਆਂ ਕੀਮਤਾਂ ’ਚ ਲਾਈ ਅੱਗ, ਸੋਨਾ 2700 ਡਾਲਰ ਦੇ ਨੇੜੇ

Thursday, Oct 03, 2024 - 12:40 AM (IST)

ਨਵੀਂ ਦਿੱਲੀ- ਮਿਡਲ ਈਸਟ ਦੀ ਟੈਂਸ਼ਨ ਨੇ ਸਿਰਫ ਕੱਚੇ ਤੇਲ ਦੀਆਂ ਕੀਮਤਾਂ ’ਚ ਹੀ ਅੱਗ ਨਹੀਂ ਲਗਾਈ ਸਗੋਂ ਸੋਨੇ ਦੀਆਂ ਕੀਮਤਾਂ ਨੂੰ ਵੀ ਲਾਂਬੂ ਲਾ ਦਿੱਤਾ ਹੈ। ਇੰਟਰਨੈਸ਼ਨਲ ਮਾਰਕੀਟ ’ਚ ਸੋਨੇ ਦੀਆਂ ਕੀਮਤਾਂ 2700 ਡਾਲਰ ਪ੍ਰਤੀ ਔਂਸ ਦੇ ਨੇੜੇ ਪਹੁੰਚ ਗਈਆਂ ਹਨ। ਦੂਜੇ ਪਾਸੇ ਭਾਰਤ ਦੇ ਵਾਅਦਾ ਬਾਜ਼ਾਰ ’ਚ ਗੋਲਡ ਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਹੋਰ ਵੀ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

ਅਸਲ ’ਚ ਇਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਈਰਾਨ ਨੇ ਇਜ਼ਰਾਈਲ ’ਤੇ ਪਲਟਵਾਰ ਕਰਦੇ ਹੋਏ 400 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਛੱਡੀਆਂ ਸਨ, ਜਿਸ ਤੋਂ ਬਾਅਦ ਮਿਡਲ ਈਸਟ ’ਚ ਜੀਓਪਾਲਿਟੀਕਲ ਟੈਂਸ਼ਨ ਆਪਣੇ ਸਿਖਰ ’ਤੇ ਪਹੁੰਚ ਗਈ ਸੀ, ਜਿਸ ਕਾਰਨ ਗਲੋਬਲ ਮਾਰਕੀਟ ਦਾ ਸੈਂਟੀਮੈਂਟ ਖਰਾਬ ਹੁੰਦਾ ਹੋਇਆ ਦਿਖਾਈ ਦਿੱਤਾ। ਇਸ ਕਾਰਨ ਨਿਵੇਸ਼ਕਾਂ ਨੇ ਸੇਫ ਹੈਵਨ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ।

ਨਿਊਯਾਰਕ ’ਚ ਗੋਲਡ ਦੀਆਂ ਕੀਮਤਾਂ ’ਚ ਵਾਧਾ

ਭਾਵੇਂ ਹੀ ਬੁੱਧਵਾਰ ਨੂੰ ਨਿਊਯਾਰਕ ਦੇ ਕਾਮੈਕਸ ਮਾਰਕੀਟ ’ਚ ਗੋਲਡ ਦੀਆਂ ਕੀਮਤਾਂ ’ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੋਵੇ ਪਰ ਬੁੱਧਵਾਰ ਨੂੰ ਕੀਮਤਾਂ ’ਚ ਲਗਭਗ 30 ਡਾਲਰ ਪ੍ਰਤੀ ਔਂਸ ਨਾਲੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ। ਗੋਲਡ ਫਿਊਚਰ ਦੀ ਕੀਮਤ 2694 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ ਸੀ। ਮੌਜੂਦਾ ਸਮੇਂ ’ਚ ਕੀਮਤ 2681.40 ਡਾਲਰ ਪ੍ਰਤੀ ਔਂਸ ਹੈ।

ਉੱਧਰ ਦੂਜੇ ਪਾਸੇ ਗੋਲਡ ਸਪਾਟ ਦੀਆਂ ਕੀਮਤਾਂ ਵੀ 2680 ਡਾਲਰ ਪ੍ਰਤੀ ਔਂਸ ਤੋਂ ਵੱਧ ਹੋ ਗਈਆਂ ਸਨ। ਫਿਲਹਾਲ ਇਹ 2658.92 ਡਾਲਰ ਪ੍ਰਤੀ ਔਂਸ ਹਨ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਗੋਲਡ ਦੀਆਂ ਕੀਮਤਾਂ 2700 ਡਾਲਰ ਪਤੀ ਔਂਸ ਨੂੰ ਪਾਰ ਕਰ ਜਾਣਗੀਆਂ।

ਜੇ ਗੱਲ ਯੂਰਪ ਦੇ ਬਾਜ਼ਾਰਾਂ ਦੀ ਕਰੀਏ ਤਾਂ ਗੋਲਡ ਸਪਾਟ ਦੀਆਂ ਕੀਮਤਾਂ 4.40 ਯੂਰੋ ਪ੍ਰਤੀ ਔਂਸ ਦੀ ਗਿਰਾਵਟ ਨਾਲ 2401.77 ਯੂਰੋ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਬ੍ਰਿਟਿਸ਼ ਬਾਜ਼ਾਰ ’ਚ ਗੋਲਡ ਸਪਾਟ ਦੀਆਂ ਕੀਮਤਾਂ 3 ਪਾਊਂਡ ਪ੍ਰਤੀ ਔਂਸ ਦੀ ਗਿਰਾਵਟ ਨਾਲ 2001.28 ਪਾਊਂਡ ਪ੍ਰਤੀ ਔਂਸ ’ਤੇ ਕਾਰੋਬਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

ਭਾਰਤ ’ਚ ਗੋਲਡ 76500 ਤੋਂ ਪਾਰ

ਦੇਸ਼ ਦੇ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਗੋਲਡ ਦੀਆਂ ਕੀਮਤਾਂ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਅਤੇ ਕੀਮਤ 76500 ਤੋਂ ਪਾਰ ਚਲੀ ਗਈ। ਅੰਕੜਿਆਂ ਦੇ ਮੰਗਲਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਗੋਲਡ ਦੇ ਭਾਅ 779 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਨਾਲ 76390 ਰੁਪਏ ਪ੍ਰਤੀ 10 ਗ੍ਰਾਮ ’ਤੇ ਦੇਖਣ ਨੂੰ ਮਿਲੇ ਜਦਕਿ ਕਾਰੋਬਾਰੀ ਸੈਸ਼ਨ ਦੌਰਾਨ ਗੋਲਡ ਦੇ ਭਾਅ 76589 ਰੁਪਏ ਪ੍ਰਤੀ 10 ਗ੍ਰਾਮ ਦੇ ਲੈਵਲ ’ਤੇ ਵੀ ਪਹੁੰਚ ਗਏ ਸਨ।

ਮੌਜੂਦਾ ਸਾਲ ’ਚ ਗੋਲਡ ਦੇ ਭਾਅ ਨੇ ਨਿਵੇਸ਼ਕਾਂ ਨੂੰ 21 ਫੀਸਦੀ ਤੋਂ ਵੱਧ ਦਾ ਰਿਟਰਨ ਦੇ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਗੋਲਡ ਦੇ ਭਾਅ ’ਚ 13386 ਰੁਪਏ ਦਾ ਵਾਧਾ ਦੇਖਣ ਨੂੰ ਮਿਲ ਚੁੱਕਾ ਹੈ।


Rakesh

Content Editor

Related News