ਤਾਂਬੇ ਦਾ ‘ਮਹਾ-ਰਿਕਾਰਡ’ : 13,000 ਡਾਲਰ ਪ੍ਰਤੀ ਟਨ ਤੋਂ ਪਾਰ ਹੋਈਆਂ ਕੀਮਤਾਂ

Wednesday, Jan 07, 2026 - 12:38 AM (IST)

ਤਾਂਬੇ ਦਾ ‘ਮਹਾ-ਰਿਕਾਰਡ’ : 13,000 ਡਾਲਰ ਪ੍ਰਤੀ ਟਨ ਤੋਂ ਪਾਰ ਹੋਈਆਂ ਕੀਮਤਾਂ

ਨਵੀਂ ਦਿੱਲੀ- ਚਿਲੀ ਦੀ ਇਕ ਖਾਨ ’ਚ ਹੜਤਾਲ, ਸਪਲਾਈ ’ਚ ਕਮੀ ਦਾ ਅੰਦਾਜ਼ਾ ਅਤੇ ਗੋਦਾਮਾਂ ’ਚ ਘੱਟ ਸਟਾਕ ਕਾਰਨ ਸੋਮਵਾਰ ਨੂੰ ਤਾਂਬੇ ਦੀਆਂ ਕੀਮਤਾਂ ਪਹਿਲੀ ਵਾਰ 13,000 ਡਾਲਰ ਪ੍ਰਤੀ ਟਨ ਤੋਂ ਪਾਰ ਪਹੁੰਚ ਗਈਆਂ। ਇਹ ਤਾਂਬੇ ਦਾ ‘ਮਹਾ-ਰਿਕਾਰਡ’ ਹੈ।

ਲੰਡਨ ਮੈਟਲ ਐਕਸਚੇਂਜ (ਐੱਲ. ਐੱਮ. ਈ.) ’ਤੇ ਬੈਂਚਮਾਰਕ ਤਾਂਬੇ ਦੀ ਕੀਮਤ 1709 ਜੀ. ਐੱਮ. ਟੀ. ਤੱਕ 4.6 ਫੀਸਦੀ ਵਧ ਕੇ 13,042 ਡਾਲਰ ਪ੍ਰਤੀ ਮੀਟ੍ਰਿਕ ਟਨ ਹੋ ਗਈ ਸੀ। ਇਸ ਤੋਂ ਪਹਿਲਾਂ ਇਹ 13,045 ਡਾਲਰ ਤੱਕ ਪਹੁੰਚ ਗਈ ਸੀ, ਜੋ 29 ਦਸੰਬਰ ਨੂੰ ਬਣੇ ਪਿਛਲੇ ਰਿਕਾਰਡ 12,960 ਡਾਲਰ ਨੂੰ ਪਾਰ ਕਰ ਗਈ ਸੀ। ਸੰਯੁਕਤ ਰਾਜ ਅਮਰੀਕਾ ’ਚ ਕਾਮੈਕਸ ਤਾਂਬੇ ਦੀਆਂ ਕੀਮਤਾਂ 4.6 ਫੀਸਦੀ ਵਧ ਕੇ ਰਿਕਾਰਡ 5.9005 ਡਾਲਰ ਪ੍ਰਤੀ ਪਾਊਂਡ ਜਾਂ 13,008 ਡਾਲਰ ਪ੍ਰਤੀ ਟਨ ਹੋ ਗਈਆਂ।

ਮੰਗਲਵਾਰ ਨੂੰ ਸਮਾਚਾਰ ਲਿਖੇ ਜਾਣ ਤੱਕ ਲੰਡਨ ਮੈਟਲ ਐਕਸਚੇਂਜ ’ਤੇ ਤਾਂਬਾ 12991.50 ਡਾਲਰ ਪ੍ਰਤੀ ਟਨ ’ਤੇ ਕਾਰੋਬਾਰ ਕਰ ਰਿਹਾ ਸੀ।

ਵਪਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਚਿਲੀ ’ਚ ਕੈਪਸਟੋਨ ਕਾਪਰ ਦੀ ਮੰਟੋਵਰਦੇ ਕਾਪਰ ਅਤੇ ਸੋਨੇ ਦੀ ਖਾਨ ’ਚ ਹੜਤਾਲ ਨੇ ਕਮੀ ਦੇ ਖਦਸ਼ੇ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਮੰਟੋਵਰਦੇ ਖਾਨ ਤੋਂ 29,000 ਤੋਂ 32,000 ਮੀਟ੍ਰਿਕ ਟਨ ਤਾਂਬੇ ਦਾ ਉਤਪਾਦਨ ਹੋਣ ਦੀ ਉਮੀਦ ਹੈ।

ਤਾਂਬੇ ’ਚ ਤੇਜ਼ੀ ਦਾ ਕਾਰਨ

ਤਾਂਬੇ ਦੀਆਂ ਕੀਮਤਾਂ ’ਚ ਵਾਧੇ ਦਾ ਮੁੱਖ ਕਾਰਨ ਐੱਲ. ਐੱਮ. ਈ. ’ਚ ਤਾਂਬੇ ਦੇ ਭੰਡਾਰ ’ਚ ਗਿਰਾਵਟ ਹੈ, ਜੋ ਅਗਸਤ ਦੇ ਆਖਿਰ ਤੋਂ 55 ਫੀਸਦੀ ਘੱਟ ਕੇ 1,42,550 ਟਨ ਰਹਿ ਗਿਆ ਹੈ। ਐੱਲ. ਐੱਮ. ਈ. ਸਿਸਟਮ ਤੋਂ ਨਿਕਲਣ ਵਾਲੇ ਜ਼ਿਆਦਾਤਰ ਤਾਂਬੇ ਦਾ ਐਕਸਪੋਰਟ ਸੰਯੁਕਤ ਰਾਜ ਅਮਰੀਕਾ ’ਚ ਹੋਇਆ ਹੈ, ਜਿੱਥੇ ਤਾਂਬੇ ’ਤੇ ਟੈਰਿਫ ਦੀ ਸਮੀਖਿਆ ਜਾਰੀ ਹੈ, ਹਾਲਾਂਕਿ 1 ਅਗਸਤ ਤੋਂ ਤਾਂਬੇ ਨੂੰ ਇੰਪੋਰਟ ਡਿਊਟੀ ਤੋਂ ਛੋਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਐਲੂਮੀਨੀਅਮ ਦੀ ਕੀਮਤ 3,093 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ, ਜੋ ਅਪ੍ਰੈਲ 2022 ਤੋਂ ਬਾਅਦ ਤੋਂ ਉੱਚਾ ਪੱਧਰ ਹੈ। ਇਹ ਸੰਭਾਵਿਕ ਕਮੀ ਦੀਆਂ ਚਿੰਤਾਵਾਂ ਕਾਰਨ ਹੋਇਆ ਹੈ, ਜਿਸ ਦਾ ਅੰਸ਼ਿਕ ਕਾਰਨ ਚੀਨ ਵੱਲੋਂ ਨਿਰਧਾਰਿਤ 45 ਮਿਲੀਅਨ ਟਨ ਉਤਪਾਦਨ ਹੱਦ ਹੈ।

ਵਿਟਸੈਂਡ ਕਮੋਡਿਟੀ ਐਡਵਾਈਜ਼ਰਜ਼ ਦੇ ਪ੍ਰਧਾਨ ਗ੍ਰੇਗਰੀ ਵਿਟਬੇਕਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਐੱਲ. ਐੱਮ. ਈ. ਦੀ ਕੀਮਤ ਮੂਲ ਰੂਪ ਨਾਲ ਚੀਨ ’ਚ ਕੈਪੀਟਲ ਕਾਸਟ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਰਹੀ ਹੈ। ਹੁਣ ਬਾਜ਼ਾਰ ਨੂੰ ਇੰਡੋਨੇਸ਼ੀਆ ਵਰਗੇ ਦੇਸ਼ਾਂ ’ਚ ਕੈਪੇਕਸ ਬਾਰੇ ਸੋਚਣਾ ਸ਼ੁਰੂ ਕਰਨਾ ਹੋਵੇਗਾ।

ਦੂਜੇ ਮੈਟਲਸ ’ਚ ਵੀ ਤੇਜ਼ੀ

ਕਾਪਰ ’ਚ ਤੇਜ਼ੀ ਦੀ ਵਜ੍ਹਾ ਨਾਲ ਦੁਨੀਆ ਦੇ ਦੂਜੇ ਮੈਟਲਸ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਜੇਕਰ ਗੱਲ ਐਲੂਮੀਨੀਅਮ ਦੀ ਕਰੀਏ ਤਾਂ ਇੰਟਰਨੈਸ਼ਨਲ ਮਾਰਕੀਟ ’ਚ 2.3 ਫੀਸਦੀ ਵਧ ਕੇ 3,086 ਡਾਲਰ ’ਤੇ, ਜ਼ਿਕ 2.5 ਫੀਸਦੀ ਵਧ ਕੇ 3,204 ਡਾਲਰ ’ਤੇ, ਸੀਸਾ 1 ਫੀਸਦੀ ਵਧ ਕੇ 2,026 ਡਾਲਰ ’ਤੇ, ਨਿੱਕਲ 2.2 ਫੀਸਦੀ ਵਧ ਕੇ 17,195 ਡਾਲਰ ’ਤੇ ਅਤੇ ਟੀਨ 5.9 ਫੀਸਦੀ ਵਧ ਕੇ 42,785 ਡਾਲਰ ’ਤੇ ਪਹੁੰਚ ਗਿਆ। ਵਪਾਰੀਆਂ ਦਾ ਕਹਿਣਾ ਹੈ ਕਿ ਘੱਟ ਮਾਤਰਾ ਵਾਲੇ ਬਾਜ਼ਾਰ ’ਚ ਸ਼ਾਰਟ ਕਵਰਿੰਗ ਕਾਰਨ ਟੀਨ ’ਚ ਇੰਨੀ ਤੇਜ਼ੀ ਆਈ।


author

Rakesh

Content Editor

Related News