ਦੂਰਸੰਚਾਰ ਕੰਪਨੀਆਂ ਨੇ ਟਰਾਈ ਸਾਹਮਣੇ ਚੁੱਕੀਆਂ ਸਮੱਸਿਆਵਾਂ

01/24/2018 1:30:45 AM

ਨਵੀਂ ਦਿੱਲੀ-ਦੂਰਸੰਚਾਰ ਕੰਪਨੀਆਂ ਨੇ ਅੱਜ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਨਾਲ ਬੈਠਕ 'ਚ ਆਪਣੀਆਂ ਸਮੱਸਿਆਵਾਂ ਚੁੱਕੀਆਂ। ਇਨ੍ਹਾਂ 'ਚ ਐਪ ਆਧਾਰਿਤ ਕਾਲਿੰਗ, ਟੈਕਸਾਂ ਅਤੇ ਢਾਂਚਾਗਤ ਵਿਸਥਾਰ ਦੀਆਂ ਪ੍ਰੇਸ਼ਾਨੀਆਂ ਸ਼ਾਮਲ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। 
ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ, ''ਕੰਪਨੀਆਂ ਨਾਲ ਸਾਡੀ ਬੈਠਕ ਕਾਫ਼ੀ ਲਾਭਦਾਇਕ ਰਹੀ। ਸਾਰੀਆਂ ਕੰਪਨੀਆਂ ਕੁਝ ਮੁੱਦਿਆਂ 'ਤੇ ਇਕਸੁਰ ਸਨ, ਜਿਨ੍ਹਾਂ ਨੂੰ ਇਸ ਸਾਲ ਟਰਾਈ ਨੂੰ ਵੇਖਣਾ ਚਾਹੀਦਾ ਹੈ। ਇਨ੍ਹਾਂ 'ਚ ਓ. ਟੀ. ਟੀ. (ਓਵਰ ਦਿ ਟਾਪ) ਵਿਚਾਰ-ਵਟਾਂਦਰਾ, ਇਕ ਦੇਸ਼ ਇਕ ਲਾਇਸੈਂਸ, ਬੁਨਿਆਦੀ ਢਾਂਚੇ ਨਾਲ ਸਬੰਧਤ ਮੁੱਦੇ, ਜੀ. ਐੱਸ. ਟੀ. ਦੇ ਤਹਿਤ ਟੈਕਸਾਂ ਨੂੰ ਤਰਕਸੰਗਤ ਕਰਨਾ ਸ਼ਾਮਲ ਹੈ। 6-7 ਮੁੱਦੇ ਹਨ, ਜਿਨ੍ਹਾਂ ਨੂੰ ਕੰਪਨੀਆਂ ਚਾਹੁੰਦੀਆਂ ਹਨ ਕਿ ਰੈਗੂਲੇਟਰੀ ਵੇਖੇ।'' ਟਰਾਈ ਦੇ ਚੇਅਰਮੈਨ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਨੇ ਅਜਿਹੀ ਸਪੈਕਟ੍ਰਮ ਨੀਤੀ ਦੀ ਮੰਗ ਕੀਤੀ, ਜਿਸ 'ਚ ਉਦਯੋਗ ਨੂੰ ਫ੍ਰੀਕੁਐਂਸੀ ਬੈਂਡ ਦੀ ਨਿਲਾਮੀ ਬਾਰੇ ਪਹਿਲਾਂ ਤੋਂ ਜਾਣਕਾਰੀ ਹੋਵੇ। ਉਨ੍ਹਾਂ ਦੱਸਿਆ ਕਿ ਆਪ੍ਰੇਟਰ ਅਗਲੇ ਕੁਝ ਦਿਨਾਂ 'ਚ ਮੁੱਦਿਆਂ ਬਾਰੇ ਵੇਰਵਾ ਦੇਣਗੇ, ਜਿਸ ਤੋਂ ਬਾਅਦ ਟਰਾਈ ਇਸ ਬਾਰੇ 'ਚ ਰੂਪ-ਰੇਖਾ ਬਣਾ ਸਕੇਗੀ।


Related News