ਦੂਰਸੰਚਾਰ ਟ੍ਰਿਬਿਊਨਲ ਨੇ ਵੋਡਾਫੋਨ-ਆਈਡੀਆ ਮਾਮਲੇ ''ਚ ਟਰਾਈ ਦੇ ਅੰਤਰਿਮ ਨਿਰਦੇਸ਼ ''ਤੇ ਲਗਾਈ ਰੋਕ
Saturday, Jul 18, 2020 - 01:35 AM (IST)
ਨਵੀਂ ਦਿੱਲੀ–ਦੂਰਸੰਚਾਰ ਟ੍ਰਿਬਿਊਨਲ ਟੀ. ਡੀ. ਸੈਟ ਨੇ ਟਰਾਈ ਦੇ ਵੋਡਾਫੋਨ ਆਈਡੀਆ ਨੂੰ ਆਪਣੀ ਤਰਜੀਹੀ ਵਾਲੀ ਯੋਜਨਾ ਨੂੰ ਲਾਗੂ ਨਾ ਕਰਨ ਦੇ ਅੰਤਰਿਮ ਨਿਰਦੇਸ਼ 'ਤੇ ਰੋਕ ਲਗਾ ਦਿੱਤੀ। ਇਸ ਯੋਜਨਾ 'ਚ ਕੁਝ ਸ਼੍ਰੇਣੀ ਦੇ ਗਾਹਕਾਂ ਨੂੰ ਤਰਜੀਹ ਦੇ ਆਧਾਰ 'ਤੇ 4ਜੀ ਨੈੱਟਵਰਕ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਸੀ।
ਟ੍ਰਿਬਿਊਨਲ ਦੇ ਇਸ ਫੈਸਲੇ ਨਾਲ ਵੋਡਾਫੋਨ ਆਈਡੀਆ ਲਿਮ. (ਵੀ. ਆਈ. ਐੱਲ.) ਨੂੰ ਅਸਥਾਈ ਰਾਹਤ ਮਿਲੀ ਹੈ। ਇਸ ਹਫਤੇ ਦੀ ਸ਼ੁਰੂਆਤ 'ਚ ਵੀ. ਆਈ. ਐੱਲ. ਨੇ ਟ੍ਰਿਬਿਊਨਲ 'ਚ ਅਰਜ਼ੀ ਦੇ ਕੇ ਦੂਰਸੰਚਾਰ ਰੈਗੁਲੇਟਰ ਅਤੇ ਵਿਕਾਸ ਅਥਾਰਿਟੀ (ਟ੍ਰਾਈ) ਦੇ ਉਸ ਨਿਰਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ 'ਚ ਮਾਮਲੇ ਦੀ ਸਮੀਖਿਆ ਤੱਕ ਯੋਜਨਾ ਨੂੰ ਟਾਲੇ ਜਾਣ ਨੂੰ ਕਿਹਾ ਗਿਆ ਸੀ।
ਟ੍ਰਿਬਿਊਨਲ ਨੇ ਕਿਹਾ ਕਿ ਟ੍ਰਾਈ ਇਸ ਮਾਮਲੇ ਦੀ ਜਾਂਚ ਕਰੇ ਅਤੇ ਸੁਭਾਵਿਕ ਨਿਆਂ ਦੀ ਲੋੜ ਨੂੰ ਯਕੀਨੀ ਕਰਨ ਤੋਂ ਬਾਅਦ ਜਿੰਨੀ ਛੇਤੀ ਹੋ ਸਕੇ ਕਾਨੂੰਨ ਦੇ ਮੁਤਾਬਕ ਅੰਤਿਮ ਆਦੇਸ਼ ਦੇਵੇ। ਮਾਮਲੇ 'ਚ ਵੀ. ਆਈ. ਐੱਲ. ਨੂੰ ਆਪਣੀ ਸਥਿਤੀ ਸਪੱਸਟ ਕਰਨ ਦਾ ਮੌਕਾ ਦਿੱਤਾ ਜਾਵੇ। ਦੂਰਸੰਚਾਰ ਵਿਵਾਦ ਨਿਪਟਾਰਾ ਅਤੇ ਅਪੀਲ ਟ੍ਰਿਬਿਊਨਲ (ਟੀ. ਡੀ. ਸੈੱਟ) ਨੇ ਕਿਹਾ ਕਿ ਇਸ ਲਈ ਟ੍ਰਾਈ ਦੇ 11 ਜੁਲਾਈ ਨੂੰ ਜਾਰੀ ਪੱਤਰ ਦੇ ਦੂਜੇ ਪੈਰਾਗ੍ਰਾਫ 'ਚ ਦਿੱਤੇ ਗਏ ਅੰਤਰਿਮ ਨਿਰਦੇਸ਼ 'ਤੇ ਅਗਲੇ ਆਦੇਸ਼ ਤੱਕ ਲਈ ਰੋਕ ਲਗਾਈ ਜਾਂਦੀ ਹੈ। ਪੱਤਰ 'ਚ ਟਰਾਈ ਨੇ ਵੀ. ਆਈ. ਐੱਲ. ਨੂੰ ਯੋਜਨਾ 'ਤੇ ਰੋਕ ਲਗਾਉਣ ਨੂੰ ਕਿਹਾ ਸੀ।