ਟੈਲੀਕਾਮ ਕੰਪਨੀਆਂ ਨੂੰ ਸਪੈਕਟ੍ਰਮ ਦੀ ਪੇਮੈਂਟ ਤੋਂ ਮਿਲ ਸਕਦੀ ਹੈ 2 ਸਾਲ ਦੀ ਛੋਟ

10/17/2019 2:09:33 AM

ਮੁੰਬਈ (ਇੰਟ)-ਟੈਲੀਕਾਮ ਕੰਪਨੀਆਂ ਨੂੰ ਸਪੈਕਟ੍ਰਮ ਦੀ ਬਕਾਇਆ ਰਕਮ ਦੇ ਭੁਗਤਾਨ 'ਤੇ 2 ਸਾਲਾਂ ਦੀ ਛੋਟ ਦਿੱਤੀ ਜਾ ਸਕਦੀ ਹੈ। ਇਹ ਰਕਮ 40,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਕ ਉੱਚ ਸਰਕਾਰੀ ਅਧਿਕਾਰੀ ਨੇ ਆਪਣਾ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਸਪੈਕਟ੍ਰਮ ਦੀ ਬਕਾਇਆ ਰਕਮ ਦੇ ਭੁਗਤਾਨ 'ਤੇ 2 ਸਾਲਾਂ ਦੀ ਛੋਟ ਦੇਣ ਦੇ ਇਕ ਟੈਲੀਕਾਮ ਕੰਪਨੀ ਦੀ ਅਪੀਲ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜਿਹਾ ਲਾਭ ਇਕ ਕੰਪਨੀ ਨੂੰ ਨਹੀਂ ਦਿੱਤਾ ਜਾ ਸਕਦਾ ਅਤੇ ਇਸ ਵਜ੍ਹਾ ਨਾਲ ਸਾਰੇ ਟੈਲੀਕਾਮ ਕੰਪਨੀਆਂ ਨੂੰ ਇਹ ਛੋਟ ਮਿਲੇਗੀ।

ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਅੰਤਿਮ ਫੈਸਲਾ ਨਹੀਂ ਹੋਇਆ ਹੈ ਅਤੇ ਇਸ ਦੇ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮਨਜ਼ੂਰੀ ਦੀ ਲੋੜ ਹੈ। ਟੈਰਿਫ ਘਟਾਉਣ ਦੀ ਹੋੜ ਕਾਰਣ ਟੈਲੀਕਾਮ ਕੰਪਨੀਆਂ ਦੇ ਰੈਵੇਨਿਊ ਅਤੇ ਪ੍ਰਾਫਿਟ 'ਤੇ ਵੱਡਾ ਅਸਰ ਪਿਆ ਹੈ। ਇਨ੍ਹਾਂ ਕੰਪਨੀਆਂ 'ਤੇ 7 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਹੈ। ਐਨਾਲਿਸਟਸ ਅਨੁਸਾਰ ਵੋਡਾਫੋਨ-ਆਈਡੀਆ ਨੂੰ ਸਪੈਕਟ੍ਰਮ ਦੀ ਬਕਾਇਆ ਰਕਮ ਦੇ ਤੌਰ 'ਤੇ 24,400 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਭਾਰਤੀ ਏਅਰਟੈੱਲ ਲਈ ਇਹ ਰਕਮ 9400 ਕਰੋੜ ਅਤੇ ਰਿਲਾਇੰਸ ਜਿਓ ਲਈ ਲਗਭਗ 7000 ਕਰੋੜ ਰੁਪਏ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਵੋਡਾਫੋਨ-ਆਈਡੀਆ ਦਾ ਰੈਵੇਨਿਊ 11,269 ਕਰੋੜ, ਭਾਰਤੀ ਏਅਰਟੈੱਲ ਦਾ ਭਾਰਤ 'ਚ ਰੈਵੇਨਿਊ 10,866 ਕਰੋੜ ਅਤੇ ਜਿਓ ਦਾ 11,679 ਕਰੋੜ ਰੁਪਏ ਸੀ।


Karan Kumar

Content Editor

Related News