14 ਫਰਵਰੀ ਤੋਂ ਫਿਰ ਦੌੜੇਗੀ ਤੇਜਸ ਐਕਸਪ੍ਰੈਸ, ਹਰ ਸੀਟ 'ਤੇ ਹੋਵੇਗੀ ਬੁਕਿੰਗ
Wednesday, Jan 27, 2021 - 06:42 PM (IST)
ਨਵੀਂ ਦਿੱਲੀ- ਭਾਰਤੀ ਰੇਲਵੇ ਦੀ ਵਿਸੇਸ਼ ਟਰੇਨ ਤੇਜਸ ਐਕਸਪ੍ਰੈਸ 14 ਫਰਵਰੀ, 2021 ਤੋਂ ਫਿਰ ਪਟੜੀ 'ਤੇ ਦੌੜਨ ਜਾ ਰਹੀ ਹੈ। ਤੇਜਸ ਐਕਸਪ੍ਰੈਸ ਲਖਨਊ-ਨਵੀਂ ਦਿੱਲੀ ਅਤੇ ਅਹਿਮਦਾਬਾਦ-ਮੁੰਬਈ ਦੋਹਾਂ ਮਾਰਗਾਂ 'ਤੇ ਦੁਬਾਰਾ ਚੱਲੇਗੀ।
ਇਕ ਚੈਨਲ ਨਾਲ ਗੱਲ ਕਰਦਿਆਂ ਆਈ. ਆਰ. ਸੀ. ਟੀ. ਸੀ ਦੇ ਇਕ ਸੀਨੀਅਰ ਅਧਿਕਾਰੀ ਵਯੁਨੰਦਨ ਸ਼ੁਕਲਾ ਨੇ ਕਿਹਾ, "ਤੇਜਸ ਐਕਸਪ੍ਰੈਸ 14 ਫਰਵਰੀ, 2021 ਤੋਂ ਲਖਨਊ-ਦਿੱਲੀ ਅਤੇ ਅਹਿਮਦਾਬਾਦ-ਮੁੰਬਈ ਮਾਰਗ 'ਤੇ ਦੁਬਾਰਾ ਚੱਲਣਾ ਸ਼ੁਰੂ ਕਰੇਗੀ।"
ਉਨ੍ਹਾਂ ਕਿਹਾ ਕਿ ਇਹ ਟਰੇਨ ਹਫ਼ਤੇ ਵਿਚ ਚਾਰ ਦਿਨ- ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਚੱਲੇਗੀ। ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਮਾਜਕ ਦੂਰੀਆਂ ਦੇ ਉਪਾਅ ਲਾਗੂ ਕੀਤੇ ਗਏ ਸਨ ਅਤੇ ਹਰ ਸੀਟ ਵਿਚਕਾਰ ਇਕ ਸੀਟ ਖਾਲੀ ਰੱਖੀ ਗਈ ਸੀ। ਹਾਲਾਂਕਿ, ਇਸ ਵਾਰ ਤੇਜਸ ਐਕਸਪ੍ਰੈਸ 736 ਸੀਟਾਂ 'ਤੇ ਪੂਰੀ ਬੁਕਿੰਗ ਨਾਲ ਚੱਲੇਗੀ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਕਰੀਬਨ ਸੱਤ ਮਹੀਨਿਆਂ ਲਈ ਮੁਅੱਤਲ ਰਹਿਣ ਤੋਂ ਬਾਅਦ ਤੇਜਸ ਐਕਸਪ੍ਰੈਸ ਨੇ ਤਿਉਹਾਰਾਂ ਦੌਰਾਨ ਅਕਤੂਬਰ ਵਿਚ ਸੰਚਾਲਨ ਸ਼ੁਰੂ ਕੀਤਾ ਸੀ। ਹਾਲਾਂਕਿ, ਸੀਟਾਂ ਦੀ ਬੁਕਿੰਗ ਘੱਟ ਹੋਣ ਕਾਰਨ ਨਵੰਬਰ ਮਹੀਨੇ ਵਿਚ ਇਸ ਨੇ ਸੰਚਾਲਨ ਬੰਦ ਕਰ ਦਿੱਤਾ ਸੀ।