ਖਰਚਿਆਂ ''ਚ ਕਟੌਤੀ ਲਈ TCS ਬਦਲੇਗੀ ਆਪਣੇ ਇਨ੍ਹਾਂ ਕਰਮਚਾਰੀਆਂ ਦਾ ਤਨਖਾਹ ਪੈਕੇਜ

10/19/2019 5:30:45 PM

 

ਨਵੀਂ ਦਿੱਲੀ — ਦੇਸ਼ ਦੀ ਪ੍ਰਮੁੱਖ ਆਈ.ਟੀ. ਸਰਵਿਸਿਜ਼ ਪ੍ਰਦਾਤਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼(TCS) ਆਪਣੇ ਕੁਝ ਕਰਮਚਾਰੀਆਂ ਦੇ ਤਨਖਾਹ ਪੈਕੇਜ 'ਚ ਬਦਲਾਅ ਕਰਨ ਜਾ ਰਹੀ ਹੈ। ਕੰਪਨੀ ਖਰਚਿਆਂ 'ਚ ਕਟੌਤੀ ਕਰਨ ਲਈ ਅਜਿਹਾ ਕਰਨ ਜਾ ਰਹੀ ਹੈ। ਇਸ ਲਈ ਕੰਪਨੀ ਦੇ ਪਿਰਾਮਿਡ ਮਾਡਲ 'ਚ ਬਦਲਾਅ ਹੋਵੇਗਾ।

ਨੌਜਵਾਨ ਇੰਜੀਨੀਅਰਾਂ ਨੂੰ ਮਿਲੇਗੀ ਨੌਕਰੀ

ਕੰਪਨੀ ਜਲਦੀ ਹੀ ਵੱਡੀ ਗਿਣਤੀ 'ਚ ਡਿਜੀਟਲੀ ਹੁਨਰਮੰਦ ਨੌਜਵਾਨ ਇੰਜੀਨੀਅਰਾਂ ਨੂੰ ਨੌਕਰੀ 'ਤੇ ਰੱਖੇਗੀ। ਇਸ ਨਾਲ ਕੰਪਨੀ ਆਪਣੇ ਖਰਚਿਆਂ ਨੂੰ ਘਟਾਉਣ ਦੇ ਨਾਲ-ਨਾਲ ਮਾਰਜਨ ਨੂੰ ਵੀ ਵਧਾ ਸਕੇਗੀ। ਯੋਜਨਾ ਅਨੁਸਾਰ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੇ ਤਨਖਾਹ ਸਕੇਲ ਵਿਚ ਤਬਦੀਲੀ ਕੀਤੀ ਜਾਵੇਗੀ। ਅਜਿਹੇ ਕਰਮਚਾਰੀਆਂ ਦੀ ਪਰਿਵਰਤਨਸ਼ੀਲ ਤਨਖਾਹ ਵਿਚ ਵਾਧਾ ਕੀਤਾ ਜਾਵੇਗਾ। ਇਹ ਪਰਿਵਰਤਨਸ਼ੀਲ ਤਨਖਾਹ ਕਰਮਚਾਰੀ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਹੋਵੇਗੀ। ਕੰਪਨੀ ਦੇ ਮਾਡਲ ਦੇ ਹਿਸਾਬ ਨਾਲ ਚਾਰ ਸਾਲ ਤੱਕ ਦੇ ਤਜ਼ਰਬੇ ਵਾਲੇ ਕਰਮਚਾਰੀਆਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਤੋਂ ਵਧੇਰੇ ਤਜ਼ਰਬੇ ਵਾਲੇ ਕਰਮਚਾਰੀਆਂ ਦੀ ਸੰਖਿਆ ਹਰੇਕ ਟੀਮ 'ਚ ਘੱਟ ਕੀਤੀ ਜਾਵੇਗੀ।

ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਵੀ.ਰਾਮਕ੍ਰਿਸ਼ਨਨ ਨੇ ਕਿਹਾ ਕਿ ਸਾਡੀ ਕੰਪਨੀ 'ਚ ਬਹੁਤ ਸਾਰੇ ਅਜਿਹੇ ਕਰਮਚਾਰੀ ਹਨ ਜਿਹੜੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਪਿਰਾਮਿਡ ਮਾਡਲ 'ਚ ਕੁਝ ਸਾਲਾਂ 'ਚ ਬਦਲਾਅ ਕੀਤਾ ਜਾਂਦਾ ਹੈ। ਹਾਲਾਂਕਿ, ਇਸ ਮਾਡਲ ਦੇ ਲਾਗੂ ਹੋਣ ਨਾਲ ਕਿਸੇ ਵੀ ਕਰਮਚਾਰੀ ਨੂੰ ਕੱਢਿਆ ਨਹੀਂ ਜਾਵੇਗਾ।

ਇਸ ਸਾਲ ਹੋਈ 26 ਹਜ਼ਾਰ ਕਰਮਚਾਰੀਆਂ ਦੀ ਭਰਤੀ

ਕੰਪਨੀ ਨੇ ਪਿਛਲੇ ਸਾਲ 26 ਹਜ਼ਾਰ ਲੋਕਾਂ ਨੂੰ ਨੌਕਰੀ 'ਤੇ ਰੱਖਿਆ ਸੀ। ਚਾਲੂ ਵਿੱਤੀ ਸਾਲ ਦੇ 6 ਮਹੀਨਿਆਂ 'ਚ ਵੀ ਕੁੱਲ ਇੰਨੇ ਹੀ ਨਵੇਂ ਲੋਕ ਕੰਪਨੀ ਦਾ ਹਿੱਸਾ ਬਣ ਚੁੱਕੇ ਹਨ। ਕੰਪਨੀ ਨੇ ਕਿਹਾ ਕਿ ਇਹ ਵਿਦੇਸ਼ਾਂ 'ਚ ਕੰਟਰੈਕਟ 'ਤੇ ਰੱਖੇ ਗਏ ਕਰਮਚਾਰੀਆਂ ਦੀ ਸੰਖਿਆ 'ਚ ਕਮੀ ਕਰੇਗੀ। ਉਨ੍ਹਾਂ ਦੀ ਥਾਂ ਪੂਰੇ ਸਮੇਂ ਲਈ ਕਰਮਚਾਰੀਆਂ ਨੂੰ ਰੱਖਿਆ ਜਾਵੇਗਾ। 2020-21 'ਚ ਕੰਪਨੀ ਕੈਂਪਸ ਦੇ ਜ਼ਰੀਏ ਕੁੱਲ 30 ਹਜ਼ਾਰ ਲੋਕਾਂ ਦੀ ਭਰਤੀ ਕਰੇਗੀ। ਇਨ੍ਹਾਂ ਵਿਚੋਂ 1500 ਕਰਮਚਾਰੀ ਅਮਰੀਕਾ ਅਤੇ ਯੂਰਪ ਦੇ ਕਾਲਜਾਂ ਤੋਂ ਲਏ ਜਾਣਗੇ। ਅਜਿਹੇ ਲੋਕਾਂ ਨੂੰ 60 ਹਜ਼ਾਰ ਤੋਂ 90 ਹਜ਼ਾਰ ਡਾਲਰ ਸਾਲਾਨਾ ਸੈਲਰੀ ਦਿੱਤੀ ਜਾਵੇਗੀ।


Related News