ਲੋਕਸਭਾ ''ਚ ਪਾਸ ਹੋਇਆ ਕੰਪਨੀ ਟੈਕਸ ਸੋਧ ਬਿਲ

12/03/2019 11:35:09 AM

ਨਵੀਂ ਦਿੱਲੀ — ਲੋਕ ਸਭਾ ਨੇ ਕੰਪਨੀ ਕਾਨੂੰਨ ਸੋਧ ਬਿੱਲ 2019 ਨੂੰ ਪਾਸ ਕਰ ਦਿੱਤਾ ਹੈ। ਇਸ ਨਾਲ ਕਾਰਪੋਰੇਟ ਟੈਕਸ ਵਿਚ ਸਰਕਾਰ ਵਲੋਂ ਕੀਤੀ ਗਈ ਕਮੀ ਦਾ ਇਕ ਪੜਾਅ ਪਾਰ ਹੋ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਸ ਟੈਕਸ 'ਚ ਕਮੀ ਨਾਲ ਸਾਰੀਆਂ ਕੰਪਨੀਆਂ ਨੂੰ ਲਾਭ ਹੋਵੇਗਾ, ਜਿਹੜੀਆਂ ਕੰਪਨੀ ਕਾਨੂੰਨ ਦੇ ਤਹਿਤ ਰਜਿਸਟਰ ਹਨ।

ਵਿੱਤ ਮੰਤਰੀ ਨੇ ਬਹਿਸ ਦਾ ਜਵਾਬ ਦਿੰਦੇ ਹੋਏ ਸਦਨ ਵਿਚ ਕਿਹਾ ਕਿ ਸਾਡੀ ਸਰਕਾਰ ਨੂੰ ਸੂਟ-ਬੂਟ ਦੀ ਸਰਕਾਰ ਕਿਹਾ ਜਾਂਦਾ ਹੈ। ਜਦੋਂ ਅਸੀਂ ਕਾਰਪੋਰੇਟ ਟੈਕਸ 'ਚ ਕਮੀ ਦਾ ਐਲਾਨ ਕੀਤਾ ਤਾਂ ਕਿਹਾ ਗਿਆ ਕਿ ਇਸਦਾ ਲਾਭ ਸਿਰਫ ਅਮੀਰਾਂ ਨੂੰ ਹੀ ਹੋਵੇਗਾ, ਪਰ ਮੈ ਕਹਿਣਾ ਚਾਹੁੰਦੀ ਹਾਂ ਕਿ ਟੈਕਸ 'ਚ ਕਮੀ ਨਾਲ ਸਾਰੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ।

 

ਸਾਰਿਆਂ ਦੀ ਸੁਣਦੀ ਹੈ ਮੋਦੀ ਸਰਕਾਰ

ਆਰਥਿਕਤਾ ਨਾਲ ਜੁੜੇ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹਰ ਪ੍ਰਸ਼ਨ ਅਤੇ ਆਲੋਚਨਾ ਨੂੰ ਸੁਣਦੀ ਹੈ। ਉਨਾਂ ਕਿਹਾ ਕਿ ਜਦੋਂ ਵੀ ਪ੍ਰਧਾਨ ਮੰਤਰੀ, ਵਿੱਤ ਮੰਤਰੀ ਜਾਂ ਰੱਖਿਆ ਮੰਤਰੀ ਨੂੰ ਸਦਨ ਵਿਚ ਪ੍ਰਸ਼ਨ ਪੁੱਛੇ ਜਾਂਦੇ ਸਨ ਤਾਂ ਉਨ੍ਹਾਂ ਨੇ ਸਦਨ ਵਿਚ ਪੇਸ਼ ਹੋ ਕੇ ਜਵਾਬ ਦਿੱਤਾ। ਸੁਪਰਿਯਾ ਸੁਲੇ ਦੇ ਸਿੱਧੇ ਟੈਕਸ ਵਸੂਲੀ ਨਾਲ ਜੁੜੇ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ, 'ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਿਚ ਕਮੀ ਨਹੀਂ ਆਈ ਸਗੋਂ ਵਾਧਾ ਹੋਇਆ ਹੈ ਅਤੇ ਲਗਾਤਾਰ ਵਧਦਾ ਜਾ ਰਿਹਾ ਹੈ।'

ਵਿੱਤ ਮੰਤਰੀ ਨੇ ਵਿੱਤੀ ਘਾਟੇ 'ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਯੂ.ਪੀ.ਏ. ਸਰਕਾਰ ਵਿਚ ਵਿੱਤੀ ਘਾਟਾ ਔਸਤਨ 5.5 ਰਿਹਾ ਹੈ ਅਤੇ ਸਾਡੀ ਸਰਕਾਰ ਵਿਚ ਇਹ ਔਸਤਨ 5.6% ਰਿਹਾ ਹੈ।' ਅਸੀਂ ਵਿੱਤੀ ਘਾਟੇ ਦੇ ਪਹਿਲੇ ਪੱਧਰ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ।


Related News