FMCG, ਮੋਬਾਇਲ, ਤਮਾਕੂ, ਸ਼ਰਾਬ ਦੇ ਨਾਜਾਇਜ਼ ਵਪਾਰ ਨਾਲ 58,521 ਕਰੋੜ ਰੁਪਏ ਦਾ ਨੁਕਸਾਨ

Friday, Sep 23, 2022 - 04:48 PM (IST)

FMCG, ਮੋਬਾਇਲ, ਤਮਾਕੂ, ਸ਼ਰਾਬ ਦੇ ਨਾਜਾਇਜ਼ ਵਪਾਰ ਨਾਲ 58,521 ਕਰੋੜ ਰੁਪਏ ਦਾ ਨੁਕਸਾਨ

ਨਵੀਂ ਦਿੱਲੀ (ਭਾਸ਼ਾ) – ਰੋਜ਼ਾਨਾ ਦੀ ਖਪਤ ਦਾ ਸਾਮਾਨ (ਐੱਫ. ਐੱਮ. ਸੀ. ਜੀ.), ਮੋਬਾਇਲ ਫੋਨ, ਤਮਾਕੂ ਉਤਪਾਦ ਅਤੇ ਸ਼ਰਾਬ ਸਮੇਤ 5 ਪ੍ਰਮੁੱਖ ਉਦਯੋਗਾਂ ’ਚ ਨਾਜਾਇਜ਼ ਵਪਾਰ ਕਾਰਨ 2019-20 ’ਚ ਸਰਕਾਰੀ ਖਜ਼ਾਨੇ ਨੂੰ 58,521 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਦਯੋਗ ਮੰਡਲ ਫਿੱਕੀ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।

ਰਿਪੋਰਟ ’ਚ ਅਨੁਮਾਨ ਲਗਾਇਆ ਗਿਆ ਕਿ ਇਨ੍ਹਾਂ ਉਦਯੋਗਾਂ ’ਚ ਨਾਜਾਇਜ਼ ਕਾਰੋਬਾਰ ਦਾ ਆਕਾਰ ਸਾਲ 2019-20 ’ਚ 2.60 ਲੱਖ ਕਰੋੜ ਰੁਪਏ ਤੋਂ ਥੋੜਾ ਵੱਧ ਸੀ। 5 ਪ੍ਰਮੁੱਖ ਉਦਯੋਗਾਂ ’ਚ ਹੋਏ ਕੁੱਲ ਨਾਜਾਇਜ਼ ਕਾਰੋਬਾਰ ’ਚ ਐੱਫ. ਐੱਮ. ਸੀ. ਜੀ. ਉਦਯੋਗ ਦਾ 75 ਫੀਸਦੀ ਹਿੱਸਾ ਸੀ। ਇਨ੍ਹਾਂ ਪੰਜ ਉਦਯੋਗਾਂ ’ਚ ਐੱਫ. ਐੱਮ. ਸੀ. ਜੀ. ਖੁਰਾਕ ਵਸਤਾਂ, ਐੱਫ. ਐੱਮ. ਸੀ. ਜੀ. ਘਰੇਲੂ ਅਤੇ ਨਿੱਜੀ ਖਪਤ ਦੀਆਂ ਵਸਤਾਂ, ਮੋਬਾਇਲ, ਤਮਾਕੂ ਅਤੇ ਸ਼ਰਾਬ ਉਦਯੋਗ ਸ਼ਾਮਲ ਹਨ। ਇਸ ਰਿਪੋਰਟ ਦਾ ਸਿਰਲੇਖ-‘ਨਾਜਾਇਜ਼ ਬਾਜ਼ਾਰ : ਸਾਡੇ ਰਾਸ਼ਟਰੀ ਹਿੱਤਾਂ ਲਈ ਖਤਰਾ’ ਹੈ।

ਰਿਪੋਰਟ ’ਚ ਕਿਹਾ ਗਿਆ ਕਿ ਨਾਜਾਇਜ਼ ਵਪਾਰ ਕਾਰਨ ਐੱਫ. ਐੱਮ. ਸੀ. ਜੀ. ਖੁਰਾਕ ਵਸਤਾਂ ’ਚ ਸਭ ਤੋਂ ਵੱਧ 7.94 ਲੱਖ ਨੌਕਰੀਆਂ ਗਈਆਂ। ਇਸ ਤੋਂ ਬਾਅਦ ਤਮਾਕੂ ਉਦਯੋਗ ’ਚ 3.7 ਲੱਖ, ਐੱਫ. ਐੱਮ. ਸੀ. ਜੀ. ਘਰੇਲੂ ਅਤੇ ਨਿੱਜੀ ਵਰਤੋਂ ਉਦਯੋਗ ’ਚ 2.98 ਲੱਖ, ਸ਼ਰਾਬ ਉਦਯੋਗ ’ਚ 97,000 ਅਤੇ ਮੋਬਾਇਲ ਫੋਨ ਉਦਯੋਗ ’ਚ 35,000 ਨੌਕਰੀਆਂ ਦਾ ਨੁਕਸਾਨ ਹੋਇਆ। ਇਨ੍ਹਾਂ ਪੰਜ ਖੇਤਰਾਂ ’ਚ ਨਾਜਾਇਜ਼ ਵਪਾਰ ਕਾਰਨ ਸਰਕਾਰ ਨੂੰ ਐੱਫ. ਐੱਮ. ਸੀ. ਜੀ. ਖੁਰਾਕ ਵਸਤਾਂ ’ਚ 17,074 ਕਰੋੜ ਰੁਪਏ ਦੇ ਟੈਕਸ ਦਾ ਨੁਕਸਾਨ ਹੋਇਆ। ਸ਼ਰਾਬ ਉਦਯੋਗ ’ਚ 15,262 ਕਰੋੜ ਰੁਪਏ, ਤਮਾਕੂ ਉਦਯੋਗ ’ਚ 13,331 ਕਰੋੜ, ਐੱਫ. ਐੱਮ. ਸੀ. ਜੀ. ਘਰੇਲੂ ਅਤੇ ਨਿੱਜੀ ਵਰਤੋਂ ਉਦਯੋਗ ’ਚ 9,95 ਕਰੋੜ ਅਤੇ ਮੋਬਾਇਲ ਫੋਨ ਉਦਯੋਗ ’ਚ 2,859 ਕਰੋੜ ਰੁਪਏ ਦੇ ਟੈਕਸ ਦਾ ਨੁਕਸਾਨ ਹੋਇਆ।


author

Harinder Kaur

Content Editor

Related News