ਟਾਟਾ ਸਟੀਲ ਯੂਰਪੀ ਕਾਰੋਬਾਰ ''ਚ ਕਰੇਗੀ 3,000 ਕਰੋੜ ਰੁਪਏ ਦਾ ਨਿਵੇਸ਼
Sunday, Aug 15, 2021 - 03:23 PM (IST)
ਨਵੀਂ ਦਿੱਲੀ- ਟਾਟਾ ਸਟੀਲ ਨੇ ਯੂਰਪ ਵਿਚ ਆਪਣੇ ਕਾਰੋਬਾਰ ਲਈ 3,000 ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਨਿਰਧਾਰਤ ਕੀਤਾ ਹੈ। ਕੰਪਨੀ ਦਾ ਉਦੇਸ਼ ਉੱਥੇ ਦੇ ਕਾਰੋਬਾਰ ਨੂੰ ਮਜਬੂਤ ਕਰਨਾ ਹੈ।
ਕੰਪਨੀ ਦੇ ਸੀ. ਈ. ਓ. ਅਤੇ ਪ੍ਰਬੰਧ ਨਿਰਦੇਸ਼ਕ ਟੀ. ਵੀ. ਨਰੇਂਦਰਨ ਨੇ ਯੂਰਪ ਕਾਰੋਬਾਰ ਦੇ ਸਬੰਧ ਵਿਚ ਕੰਪਨੀ ਦੀ ਰਣਨੀਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ।
ਉਨ੍ਹਾਂ ਕਿਹਾ, ''ਵਿੱਤੀ ਸਾਲ 2021-2 ਲਈ ਅਸੀਂ ਯੂਰਪ ਦੀ ਖਾਤਰ 3,000 ਕਰੋੜ ਰੁਪਏ ਦਾ ਪੂੰਜੀ ਖ਼ਰਚ ਨਿਰਧਾਰਤ ਕੀਤਾ ਹੈ। ਇਹ ਮੁੱਖ ਤੌਰ 'ਤੇ ਕੰਪਨੀ ਦੇ ਕਾਰੋਬਾਰ ਨੂੰ ਜਾਰੀ ਰੱਖਣ ਲਈ ਲੋੜੀਂਦੇ ਪੂੰਜੀਗਤ ਖ਼ਰਚ, ਵਾਤਾਵਰਣ ਸਬੰਧੀ ਪੂੰਜੀ ਖ਼ਰਚ, ਉਤਪਾਦ ਮਿਸ਼ਰਣ ਅਤੇ ਖਾਸਕਰ ਨੀਦਰਲੈਂਡ ਵਿਚ ਕੀਤੇ ਜਾ ਰਹੇ ਵਿਸਥਾਰ ਸਬੰਧੀ ਪੂੰਜੀ ਖ਼ਰਚ ਲਈ ਹੈ।"
ਨਰੇਂਦਰਨ ਨੇ ਕਿਹਾ ਕਿ ਯੂਰਪ ਵਿਚ ਕੰਪਨੀ ਦੇ ਕਾਰੋਬਾਰ ਨੂੰ ਟਾਟਾ ਸਟੀਲ ਨੀਦਰਲੈਂਡ ਅਤੇ ਟਾਟਾ ਸਟੀਲ ਬ੍ਰਿਟੇਨ ਵਿਚ ਵੰਡਿਆ ਜਾ ਰਿਹਾ ਹੈ, ਜਿਸ ਨਾਲ ਲਾਗਤ ਤੇ ਪ੍ਰਬੰਧਨ 'ਤੇ ਧਿਆਨ ਦੇਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਯੂਰਪੀ ਕਾਰੋਬਾਰ ਟੈਕਸ ਤੋਂ ਪਹਿਲਾਂ ਮੁਨਾਫਾ ਅਤੇ ਸ਼ੁੱਧ ਲਾਭ ਦੇ ਮਾਮਲੇ ਵਿਚ ਸਕਰਾਤਮਕ ਰਹੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਕੰਪਨੀ ਨੇ ਆਪਣੇ ਯੂਰਪੀ ਕਾਰੋਬਾਰ ਨੂੰ ਵੇਚਣ ਦੀ ਯੋਜਨਾ ਛੱਡ ਦਿੱਤੀ ਹੈ, ਨਰੇਂਦਰਨ ਨੇ ਕਿਹਾ, "ਅਸੀਂ ਸਰਗਰਮੀ ਨਾਲ ਖ਼ਰੀਦਦਾਰਾਂ ਦੀ ਤਲਾਸ਼ ਨਹੀਂ ਕਰ ਰਹੇ ਹਾਂ। ਜੇਕਰ ਤੁਸੀਂ ਕਾਰੋਬਾਰ ਨੂੰ ਮਜਬੂਤ ਬਣਾਉਂਦੇ ਹੋ ਤਾਂ ਇਸ ਨਾਲ ਕਾਰੋਬਾਰ ਦਾ ਮੁੱਲ ਵਧਦਾ ਹੈ।"