ਜਿਓ ਮਾਰਟ ਨੂੰ ਮਿਲੇਗੀ ਵੱਡੀ ਟੱਕਰ, ਟਾਟਾ ਗਰੁੱਪ ਇੱਥੇ ਖਰੀਦੇਗਾ ਹਿੱਸੇਦਾਰੀ!

10/14/2020 5:18:36 PM

ਨਵੀਂ ਦਿੱਲੀ— ਰਿਟੇਲ ਕਾਰੋਬਾਰ 'ਚ ਐਮਾਜ਼ੋਨ, ਫਲਿੱਪਕਾਰਟ ਤੇ ਰਿਲਾਇੰਸ ਰਿਟੇਲ ਦੇ ਜਿਓ ਮਾਰਟ ਨੂੰ ਟੱਕਰ ਦੇਣ ਲਈ ਟਾਟਾ ਗਰੁੱਪ ਆਨਲਾਈਨ ਕਰਿਆਨਾ ਸਟੋਰ ਬਿਗ ਬਾਸਕਿਟ 'ਚ ਵੱਡਾ ਨਿਵੇਸ਼ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹ ਬਿਗ ਬਾਸਕਿਟ ਦੇ ਬੋਰਡ 'ਚ ਦੋ ਸੀਟਾਂ ਵੀ ਲੈ ਸਕਦਾ ਹੈ।

ਖ਼ਬਰ ਹੈ ਕਿ ਟਾਟਾ ਗਰੁੱਪ ਦੀ ਬਿਗ ਬਾਸਕਿਟ 'ਚ 20 ਫੀਸਦੀ ਹਿੱਸੇਦਾਰੀ ਖਰੀਦਣ ਦੀ ਗੱਲਬਾਤ ਚੱਲ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸੌਦਾ ਅਕਤੂਬਰ ਮਹੀਨੇ ਦੇ ਅੰਤ ਤੱਕ ਪੂਰਾ ਹੋ ਸਕਦਾ ਹੈ। ਬਿਗ ਬਾਸਕਿਟ 'ਚ ਮੌਜੂਦਾ ਸਮੇਂ ਸਭ ਤੋਂ ਵੱਡਾ ਨਿਵੇਸ਼ਕ ਚੀਨ ਦਾ ਅਲੀਬਾਬਾ ਗਰੁੱਪ ਹੈ। ਬਿਗ ਬਾਸਕਿਟ 35 ਤੋਂ 40 ਕਰੋੜ ਡਾਲਰ ਦੀ ਰਕਮ ਜੁਟਾਉਣਾ ਚਾਹੁੰਦੀ ਹੈ। ਇਸ ਨਾਲ ਕੰਪਨੀ ਦਾ ਮੁੱਲ 33 ਫੀਸਦੀ ਵੱਧ ਕੇ 2 ਅਰਬ ਡਾਲਰ ਯਾਨੀ ਤਕਰੀਬਨ 15 ਹਜ਼ਾਰ ਕਰੋੜ ਰੁਪਏ ਹੋ ਸਕਦਾ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਕੰਪਨੀ ਨੇ ਇਸ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਰਿਪੋਰਟਾਂ ਦਾ ਕਹਿਣਾ ਹੈ ਕਿ ਜੇਕਰ ਟਾਟਾ ਗਰੁੱਪ ਅਤੇ ਬਿਗ ਬਾਸਕਿਟ ਵਿਚਕਾਰ ਇਹ ਸੌਦਾ ਹੋ ਜਾਂਦਾ ਹੈ ਤਾਂ ਸਿੱਧੇ-ਸਿੱਧੇ ਮੁਕੇਸ਼ ਅੰਬਾਨੀ ਅਤੇ ਐਮਾਜ਼ੋਨ ਨੂੰ ਟੱਕਰ ਮਿਲੇਗੀ ਕਿਉਂਕਿ ਇਸ ਸੌਦੇ ਨਾਲ ਟਾਟਾ ਗਰੁੱਪ ਵੀ ਇਸੇ ਕਾਰੋਬਾਰ 'ਚ ਉਤਰ ਜਾਵੇਗਾ।

ਗੌਰਤਲਬ ਹੈ ਕਿ ਟਾਟਾ ਗਰੁੱਪ ਦੀ ਬਿਗ ਬਾਸਕਿਟ 'ਚ ਨਿਵੇਸ਼ ਕਰਨ ਦੀ ਖ਼ਬਰ ਉਸ ਸਮੇਂ ਆ ਰਹੀ ਹੈ ਜਦੋਂ ਟਾਟਾ ਗਰੁੱਪ ਇਸ ਸਾਲ ਦਸੰਬਰ ਜਾਂ ਅਗਲੇ ਸਾਲ ਜਨਵਰੀ 'ਚ ਆਪਣਾ 'ਸੁਪਰ ਐਪ' ਲਾਂਚ ਕਰਨ ਦੀ ਤਿਆਰੀ 'ਚ ਹੈ, ਜਿਸ 'ਤੇ ਯੂਜ਼ਰਜ਼ ਨੂੰ ਇਕ ਹੀ ਮੰਚ 'ਤੇ ਆਨਲਾਈਨ ਖਰੀਦਦਾਰੀ ਤੋਂ ਲੈ ਕੇ ਖਾਣ-ਪੀਣ ਅਤੇ ਕਰਿਆਨੇ ਦਾ ਸਾਮਾਨ, ਵਿੱਤੀ ਸੇਵਾਵਾਂ, ਇਲੈਕਟ੍ਰਾਨਿਕ ਸਾਜੋ-ਸਾਮਾਨ, ਫੈਸ਼ਨ ਅਤੇ ਲਾਈਫਸਟਾਈਲ ਦੇ ਨਾਲ-ਨਾਲ ਪੜ੍ਹਾਈ, ਬਿੱਲ ਪੇਮੈਂਟ ਅਤੇ ਸਿਹਤ ਸੇਵਾ ਤੱਕ ਦੀ ਸੁਵਿਧਾ ਮਿਲੇਗੀ।


Sanjeev

Content Editor

Related News