ਮਾਰਚ ਤਿਮਾਹੀ ’ਚ ਚਾਲੂ ਖਾਤੇ ’ਚ 5.7 ਅਰਬ ਡਾਲਰ ਦਾ ਸਰਪਲਸ : RBI
Tuesday, Jun 25, 2024 - 06:18 PM (IST)
ਮੁੰਬਈ (ਭਾਸ਼ਾ) - ਦੇਸ਼ ਦੇ ਚਾਲੂ ਖਾਤੇ ’ਚ ਇਸ ਸਾਲ ਜਨਵਰੀ-ਮਾਰਚ ਤਿਮਾਹੀ ’ਚ ਸਰਪਲੱਸ ਦੀ ਹਾਲਤ ਰਹੀ ਅਤੇ ਇਹ 5.7 ਬਿਲੀਅਨ ਡਾਲਰ ਰਿਹਾ, ਜੋ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 0.6 ਫੀਸਦੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰ. ਬੀ. ਆਈ. ਨੇ ਭਾਰਤ ਦੇ ਭੁਗਤਾਨ ਸੰਤੁਲਨ ’ਤੇ ਜਾਰੀ ਇਕ ਬਿਆਨ ’ਚ ਕਿਹਾ ਕਿ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਚਾਲੂ ਖਾਤੇ ’ਚ 1.3 ਅਰਬ ਡਾਲਰ ਦੇ ਘਾਟੇ ਦੀ ਸਥਿਤੀ ਸੀ, ਜੋ ਜੀ. ਡੀ. ਪੀ. ਦਾ 0.2 ਪ੍ਰਤੀਸ਼ਤ ਸੀ।
ਅਕਤੂਬਰ-ਦਸੰਬਰ 2023 ਦੀ ਤਿਮਾਹੀ ’ਚ ਚਾਲੂ ਖਾਤੇ ’ਚ 8.7 ਅਰਬ ਡਾਲਰ ਦਾ ਘਾਟਾ ਹੋਇਆ ਸੀ, ਜੋ ਜੀ. ਡੀ. ਪੀ. ਦਾ ਇਕ ਫੀਸਦੀ ਸੀ। ਮਾਰਚ ਤਿਮਾਹੀ ਦਾ ਅੰਕੜਾ ਆਉਣ ਦੇ ਨਾਲ ਹੀ 2023-24 ਦੇ ਪੂਰੇ ਮਾਲੀ ਸਾਲ ’ਚ ਚਾਲੂ ਖਾਤੇ ਦਾ ਘਾਟਾ 23.2 ਅਰਬ ਡਾਲਰ ’ਤੇ ਆ ਗਿਆ, ਜੋ ਜੀ. ਡੀ. ਪੀ. ਦਾ 0.7 ਪ੍ਰਤੀਸ਼ਤ ਹੈ। ਵਿੱਤੀ ਸਾਲ 2022-23 ’ਚ ਦੇਸ਼ ਦਾ ਚਾਲੂ ਖਾਤੇ ਦਾ ਘਾਟਾ 67 ਅਰਬ ਡਾਲਰ ਭਾਵ ਜੀ. ਡੀ. ਪੀ. ਦਾ ਦੋ ਫੀਸਦੀ ਸੀ।