ਸੁਪਰੀਮ ਕੋਰਟ ਨੇ ਸੈਟ ਦੇ ਹੁਕਮ ਖਿਲਾਫ ਸੇਬੀ ਦੀ ਪਟੀਸ਼ਨ ਖਾਰਜ ਕੀਤੀ : PNB ਹਾਊਸਿੰਗ
Thursday, Oct 21, 2021 - 05:17 PM (IST)
ਨਵੀਂ ਦਿੱਲੀ (ਭਾਸ਼ਾ) – ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੰਪਨੀ ਦੀ 4000 ਕਰੋੜ ਰੁਪਏ ਦੀ ਇਕਵਿਟੀ ਪੂੰਜੀ ਜੁਟਾਉਣ ਦੀ ਯੋਜਨਾ ਨਾਲ ਜੁੜੇ ਮਾਮਲੇ ’ਚ ਸਕਿਓਰਿਟੀਜ਼ ਅਪੀਲ ਟ੍ਰਿਬਿਊਨਲ (ਸੈਟ) ਦੇ ਹੁਕਮ ਖਿਲਾਫ ਦਾਇਰ ਸੇਬੀ ਦੀ ਪਟੀਸ਼ਨ ਨੂੰ ‘ਗੈਰ-ਜ਼ਰੂਰੀ’ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ। ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਨੇ ਕਿਹਾ ਕਿ ਪਿਛਲੇ ਹਫਤੇ ਉਸ ਦੇ ਬੋਰਡ ਆਫ ਡਾਇਰੈਕਟਰਜ਼ ਨੇ ‘ਤਰਜੀਹੀ ਮੁੱਦੇ ’ਤੇ ਅੱਗੇ ਨਾ ਵਧਣ ਅਤੇ ਪ੍ਰਸਤਾਵਿਤ ਅਲਾਟੀਆਂ ਨਾਲ ਲਾਗੂ ਸ਼ੇਅਰ ਮੈਂਬਰਸ਼ਿਪ ਸਮਝੌਤੇ ਨੂੰ ਉਨ੍ਹਾਂ ਦੀਆਂ ਸਬੰਧਤ ਸ਼ਰਤਾਂ ਮੁਤਾਬਕ ਖਤਮ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਭਾਰਤੀ ਸਕਿਓਰਿਟੀਜ਼ ਅਤੇ ਰੈਗੂਲੇਟਰ ਬੋਰਡ (ਸੇਬੀ) ਵਲੋਂ ਸਕਿਓਰਿਟੀਜ਼ ਅਪੀਲ ਟ੍ਰਿਬਿਊਨਲ (ਸੈਟ) ਦੇ ਸਾਹਮਣੇ ਜੂਨ ’ਚ ਦਾਇਰ ਅਪੀਲ ਵੀ ਗੈਰ-ਜ਼ਰੂਰੀ ਹੋ ਗਈ। ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਨੇ ਵੀਰਵਾਰ ਨੂੰ ਸੇਬੀ ਦੀ ਦਿੱਤੀ ਗਈ ਇਕ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਇਸ ਅਨੁਸਾਰ ਕੰਪਨੀ ਨੇ ਸੈਟ ਦੇ ਸਾਹਮਣੇ 19 ਅਕਤੂਬਰ 2021 ਨੂੰ ਇਕ ਅਰਜ਼ੀ ਦਾਇਰ ਕੀਤੀ ਹੈ, ਜਿਸ ’ਚ ਅਪੀਲ ਵਾਪਸ ਲੈਣ ਦੀ ਮਨਜ਼ੂਰੀ ਮੰਗ ਗਈ ਹੈ।
ਸੁਪਰੀਮ ਕੋਰਟ ’ਚ ਦਾਇਰ ਸੇਬੀ ਦੀ ਪਟੀਸ਼ਨ ਨੂੰ 20 ਅਕਤੂਬਰ 2021 ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਸੀ। ਕੰਪਨੀ ਨੇ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਉਪਰੋਕਤ ਘਟਨਾਕ੍ਰਮ ਨੂੰ ਧਿਆਨ ’ਚ ਰੱਖਦੇ ਹੋਏ ਸੁਪਰੀਮ ਕੋਰਟ ਨੇ ਇਹ ਕਹਿੰਦੇ ਸੇਬੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਕਿ ਬਾਅਦ ’ਚ ਹੋਏ ਘਟਨਾਕ੍ਰਮਾਂ ਕਾਰਨ ਪਟੀਸ਼ਨ ਗੈਰ-ਜ਼ਰੂਰੀ ਹੋ ਗਈ ਹੈ। ਕਾਨੂੰਨੀ ਅੜਚਨਾਂ ਦਰਮਿਆਨ ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਨੇ 14 ਅਕਤੂਬਰ ਨੂੰ ਕਿਹਾ ਸੀ ਕਿ ਉਸ ਨੇ ਅਮਰੀਕਾ ਦੀ ਨਿੱਜੀ ਇਕਵਿਟੀ ਕੰਪਨੀ ਕਾਰਲਾਇਲ ਗਰੁੱਪ ਅਤੇ ਹੋਰ ਲਈ ਪ੍ਰਸਤਾਵਿਤ 4000 ਕਰੋੜ ਰੁਪਏ ਦੀ ਸ਼ੇਅਰ ਵਿਕਰੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ।