ਬ੍ਰਾਜ਼ੀਲ 'ਚ ਗੰਨੇ ਨੂੰ ਨੁਕਸਾਨ ਨਾਲ ਗਲੋਬਲ ਬਾਜ਼ਾਰ 'ਚ ਖੰਡ ਕੀਮਤਾਂ 'ਚ ਤੇਜ਼ੀ

Thursday, Aug 12, 2021 - 03:25 PM (IST)

ਨਵੀਂ ਦਿੱਲੀ- ਵਿਸ਼ਵ ਦੇ ਵੱਡੇ ਗੰਨਾ ਉਤਪਾਦਕ ਬ੍ਰਾਜ਼ੀਲ ਵਿਚ ਫ਼ਸਲ ਦੇ ਨੁਕਸਾਨੇ ਜਾਣ ਨਾਲ ਕੌਮਾਂਤਰੀ ਬਾਜ਼ਾਰ ਵਿਚ ਖੰਡ ਕੀਮਤਾਂ ਵਿਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਮੰਗਲਵਾਰ ਨੂੰ ਗਲੋਬਲ ਬਾਜ਼ਾਰ ਵਿਚ ਖੰਡ ਕੀਮਤਾਂ 4 ਸਾਲਾਂ ਤੋਂ ਵੱਧ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ। ਭਾਰਤੀ ਮਿੱਲਾਂ ਨੂੰ ਇਸ ਮਾਹੌਲ ਵਿਚ ਸਪਲਾਈ ਨਾਲ ਚੰਗਾ ਮੁਨਾਫਾ ਹੋ ਸਕਦਾ ਹੈ। ਉੱਥੇ ਹੀ, ਬ੍ਰੋਕਰਜ਼ ਅਨੁਸਾਰ, ਬਰਲਾਮਪੁਰ ਚੀਨੀ, ਈਦ ਪੈਰੀ ਵਰਗੇ ਸ਼ੂਗਰ ਸਟਾਕਸ (ਸ਼ੇਅਰਾਂ) ਲਈ ਇਹ ਸਕਰਾਤਮਕ ਹੈ। ਵੀਰਵਾਰ ਨੂੰ ਸ਼ੂਗਰ ਸਟਾਕਸ ਗ੍ਰੀਨ ਵਿਚ ਰਹੇ।

ਬ੍ਰਾਜ਼ੀਲ ਵਿਚ ਜੂਨ ਤੇ ਜੁਲਾਈ ਦੌਰਾਨ ਗੰਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ, ਲਿਹਾਜਾ ਉਸ ਦੇ ਖੰਡ ਉਤਪਾਦਨ ਵਿਚ ਕਮੀ ਹੋ ਗਈ ਹੈ। ਇੰਡਸਟਰੀ ਗਰੁੱਪ ਯੂਨੀਕਾ ਮੁਤਾਬਕ, ਬ੍ਰਾਜ਼ੀਲ ਦੇ ਮੱਧ-ਦੱਖਣੀ ਖੇਤਰ ਵਿਚ ਖੰਡ ਉਤਪਾਦਨ ਜੁਲਾਈ ਦੇ ਦੂਜੇ ਅੱਧ ਵਿਚ 11 ਫ਼ੀਸਦੀ ਡਿੱਗ ਕੇ 30 ਲੱਖ ਟਨ ਰਹਿ ਗਿਆ। ਯੂਨੀਕਾ ਨੇ ਕਿਹਾ ਕਿ 90 ਸਾਲਾਂ ਦੇ ਸਭ ਤੋਂ ਭੈੜੇ ਸੋਕੇ ਕਾਰਨ ਪਹਿਲਾਂ ਹੀ ਪ੍ਰਭਾਵਿਤ ਫ਼ਸਲਾਂ ਨੂੰ ਬਰਫੀਲੀਆਂ ਹਵਾਵਾਂ ਕਾਰਨ ਹੋਰ ਨੁਕਸਾਨ ਪੁੱਜਾ ਹੈ।

ਉੱਥੇ ਹੀ, ਨਿਊਯਾਰਕ ਆਈ. ਸੀ. ਈ. ਐਕਸਚੇਂਜ 'ਤੇ ਖੰਡ ਦੀਆਂ ਵਾਇਦਾ ਕੀਮਤਾਂ ਵਿਚ ਮੰਗਲਵਾਰ ਨੂੰ ਲਗਭਗ 7 ਫ਼ੀਸਦੀ ਤੇਜ਼ੀ ਦਰਜ ਕੀਤੀ ਗਈ।

ਯੂਨੀਕਾ ਨੇ ਕਿਹਾ ਕਿ ਪ੍ਰਤੀ ਹੈਕਟੇਅਰ ਗੰਨੇ ਦਾ ਉਤਪਾਦਨ ਜੁਲਾਈ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 17.9 ਫ਼ੀਸਦੀ ਘਟਿਆ ਹੈ। ਗੰਨਾ ਪਿੜਾਈ ਵੀ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਤੋਂ 8 ਫ਼ੀਸਦੀ ਘੱਟ ਹੈ। ਗੰਨੇ ਦੀ ਗੁਣਵੱਤਾ ਨੂੰ ਵੀ ਨੁਕਸਾਨ ਪੁੱਜਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਵਿਚ ਖੰਡ ਸੀਜ਼ਨ ਸਮੇਂ ਤੋਂ ਪਹਿਲਾਂ ਖ਼ਤਮ ਹੋ ਸਕਦਾ ਹੈ, ਜਿਸ ਕਾਰਨ ਗਲੋਬਲ ਸਪਲਾਈ ਤੰਗ ਹੋ ਸਕਦੀ ਹੈ। ਵਿਸ਼ਵ ਪੱਧਰ ਦੇ ਖੰਡ ਵਪਾਰ ਵਿਚ ਲਗਭਗ 40 ਫ਼ੀਸਦ ਸਪਲਾਈ ਬ੍ਰਾਜ਼ੀਲ ਦੀ ਹੁੰਦੀ ਹੈ। ਯੂਨੀਕਾ ਦੇ ਤਕਨੀਕੀ ਨਿਰਦੇਸ਼ਕ ਐਂਟੋਨੀਓ ਡੀ ਰੌਡਰਿਗਜ਼ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਇੰਡਸਟਰੀ ਕੋਲ ਫ਼ਸਲ ਨੂੰ ਹੋਏ ਨੁਕਸਾਨ ਬਾਰੇ ਜ਼ਿਆਦਾ ਜਾਣਕਾਰੀ ਹੋਵੇਗੀ।


Sanjeev

Content Editor

Related News