ਅਮਰੀਕੀ ਬਾਜ਼ਾਰ ''ਚ ਗਿਰਾਵਟ ਘਟੀ, ਨੈਸਡੈਕ 0.4 ਫੀਸਦੀ ਚੜ੍ਹਿਆ!
Thursday, Mar 08, 2018 - 07:57 AM (IST)

ਵਾਸ਼ਿੰਗਟਨ— ਵਾਈਟ ਹਾਊਸ ਵੱਲੋਂ ਕੈਨੇਡਾ ਅਤੇ ਮੈਕਸਿਕੋ ਨੂੰ ਪ੍ਰਸਤਾਵਿਤ ਟੈਰਿਫ 'ਚ ਛੋਟ ਦਿੱਤੇ ਜਾਣ ਦੇ ਸੰਕੇਤ ਨਾਲ ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਘਟੀ ਹੈ। ਬੁੱਧਵਾਰ ਨੂੰ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਹੱਕਬੀ ਸੈਂਡਰਜ਼ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਸ਼ਟਰਪਤੀ ਇਸ ਹਫਤੇ ਦੇ ਅਖੀਰ 'ਤੇ ਕੁਝ ਫੈਸਲੇ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਆਧਾਰ 'ਤੇ ਕੈਨੇਡਾ ਅਤੇ ਮੈਕਸਿਕੋ ਨੂੰ ਪ੍ਰਸਤਾਵਿਤ ਟੈਰਿਫ 'ਚ ਛੋਟ ਦਿੱਤੀ ਜਾ ਸਕਦੀ ਹੈ ਅਤੇ ਅਜਿਹੀ ਦੂਜੇ ਦੇਸ਼ਾਂ ਲਈ ਵੀ ਸੰਭਾਵਨਾ ਹੈ। ਇਸ ਸੰਕੇਤ ਨਾਲ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਘਟਦੀ ਨਜ਼ਰ ਆਈ।
ਡਾਓ ਜੋਂਸ 82.76 ਅੰਕ ਡਿੱਗ ਕੇ 24,801.36 ਦੇ ਪੱਧਰ 'ਤੇ ਬੰਦ ਹੋਇਆ ਹੈ। ਟਰੰਪ ਦੇ ਆਰਥਿਕ ਸਲਾਹਕਾਰ ਗੈਰੀ ਕੋਹਨ ਦੇ ਅਸਤੀਫੇ ਦੀ ਖਬਰ ਨਾਲ ਇਕ ਸਮੇਂ ਕਾਰੋਬਾਰ ਦੌਰਾਨ ਡਾਓ 300 ਤੋਂ ਵਧ ਅੰਕ ਡਿੱਗ ਚੁੱਕਾ ਸੀ। ਐੱਸ. ਐਂਡ. ਪੀ.-500 ਇੰਡੈਕਸ 1.32 ਫੀਸਦੀ ਦੀ ਹਲਕੀ ਗਿਰਾਵਟ ਨਾਲ 2,726.80 'ਤੇ ਬੰਦ ਹੋਇਆ। ਇਸ 'ਚ ਰੀਅਲ ਅਸਟੇਟ ਅਤੇ ਟੈੱਕ ਸ਼ੇਅਰਾਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨਾਲ ਬਾਜ਼ਾਰ ਨੂੰ ਆਸਰਾ ਮਿਲਿਆ।
ਉੱਥੇ ਹੀ, ਫੇਸਬੁੱਕ ਅਤੇ ਅਲਫਾਬੇਟ ਦੇ ਸ਼ੇਅਰਾਂ 'ਚ ਕ੍ਰਮਵਾਰ 2.2 ਫੀਸਦੀ ਅਤੇ 1.3 ਫੀਸਦੀ ਦੀ ਤੇਜ਼ੀ ਨਾਲ ਨੈਸਡੈਕ ਕੰਪੋਜ਼ਿਟ 0.4 ਫੀਸਦੀ ਵਧ ਕੇ 7,396.65 'ਤੇ ਬੰਦ ਹੋਇਆ। ਸਾਰਾਹ ਮੁਤਾਬਕ ਟਰੰਪ ਆਪਣੇ ਪ੍ਰਸਤਾਵਿਤ ਟੈਰਿਫ ਬਾਰੇ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਜਾਣਕਾਰੀ ਜਾਰੀ ਕਰ ਸਕਦੇ ਹਨ।