ਤੀਜੇ ਵਿਸ਼ਵ ਯੁੱਧ ਦੇ ਡਰ ਨਾਲ ਸਹਿਮਿਆ ਸ਼ੇਅਰ ਬਾਜ਼ਾਰ, ਈਰਾਨ- ਇਜ਼ਰਾਈਲ ਦੀ ਅੱਗ ’ਚ ਸੜੇ 9.78 ਲੱਖ ਕਰੋੜ ਰੁਪਏ
Friday, Oct 04, 2024 - 12:32 AM (IST)
ਮੁੰਬਈ, (ਏਜੰਸੀਆਂ)- ਤੀਜੇ ਵਿਸ਼ਵ ਯੁੱਧ ਦੇ ਡਰ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਸਹਿਮ ਗਿਆ। ਈਰਾਨ-ਇਜ਼ਰਾਈਲ ਦੇ ਬੰਬਾਂ ਤੋਂ ਭੜਕੀ ਅੱਗ ਨਾਲ ਨਿਵੇਸ਼ਕਾਂ ਦੇ 9.78 ਲੱਖ ਕਰੋਡ਼ ਰੁਪਏ ਸੜ ਗਏ।
ਸ਼ੇਅਰ ਬਾਜ਼ਾਰ ’ਚ ਅੱਜ ਜ਼ੋਰਦਾਰ ਬਿਕਵਾਲੀ ਵੇਖੀ ਗਈ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ ਹੁਣ ਆਪਣੇ ਆਲ ਟਾਈਮ ਹਾਈ ਤੋਂ ਲੱਗਭੱਗ 4 ਫੀਸਦੀ ਹੇਠਾਂ ਆ ਗਿਆ ਹੈ। ਸਿਰਫ ਅਜੋਕੇ ਟਰੇਡਿੰਗ ਸੈਸ਼ਨ ਦੌਰਾਨ ਸੈਂਸੈਕਸ ’ਚ 2.10 ਫੀਸਦੀ ਦੀ ਗਿਰਾਵਟ ਆਈ। ਸੈਂਸੈਕਸ 1,769.19 ਅੰਕ ਡਿੱਗ ਕੇ 82,497.10 ’ਤੇ ਬੰਦ ਹੋਇਆ।
ਅਜਿਹਾ ਹੀ ਹਾਲ ਨਿਫਟੀ ’ਚ ਵੀ ਵੇਖਿਆ ਗਿਆ। ਨਿਫਟੀ ਵੀ ਆਪਣੇ ਆਲ ਟਾਈਮ ਹਾਈ 26,277.35 ਤੋਂ ਹੇਠਾਂ ਆ ਗਿਆ। ਅਜੋਕੇ ਸਿੰਗਲ ਡੇ ’ਚ ਇੰਡੈਕਸ ’ਚ 546.80 ਅੰਕ ਯਾਨੀ 2.12 ਫੀਸਦੀ ਦੀ ਗਿਰਾਵਟ ਦੇ ਨਾਲ 25,250.10 ਦੇ ਪੱਧਰ ’ਤੇ ਬੰਦ ਹੋਇਆ। ਬਾਜ਼ਾਰ ’ਚ ਗਿਰਾਵਟ ਦੌਰਾਨ ਨਿਵੇਸ਼ਕਾਂ ਨੂੰ 10.56 ਲੱਖ ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ।
ਬੀ. ਐੱਸ. ਈ. ’ਚ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਸਾਂਝਾ ਬਾਜ਼ਾਰ ਮੁਲਾਂਕਣ ਵੱਡੀ ਗਿਰਾਵਟ ’ਚ 4.65 ਲੱਖ ਕਰੋਡ਼ ਰੁਪਏ ’ਤੇ ਆ ਗਿਆ। ਇਸ ਵੱਡੀ ਗਿਰਾਵਟ ਦੌਰਾਨ ਨਿਵੇਸ਼ਕਾਂ ਦੀ ਜਾਇਦਾਦ ਇਕ ਹੀ ਦਿਨ ’ਚ 9.78 ਲੱਖ ਕਰੋਡ਼ ਰੁਪਏ ਘਟ ਗਈ।
ਕਿਉਂ ਆਈ ਗਿਰਾਵਟ?
ਬਾਜ਼ਾਰ ’ਚ ਜਾਰੀ ਇਸ ਗਿਰਾਵਟ ਦੇ ਪਿੱਛੇ ਇਕ ਵੱਡਾ ਕਾਰਨ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਦਾ ਐਲਾਨ ਹੋ ਜਾਣਾ ਹੈ। ਦੱਸ ਦੇਈਏ ਕਿ ਇਜ਼ਰਾਈਲ ਅਤੇ ਹਿਜਬੁੱਲਾ ਵਿਚਕਾਰ ਜਾਰੀ ਜੰਗ ’ਚ ਈਰਾਨ ਦੀ ਐਂਟਰੀ ਨੇ ਜੀਓ-ਪਾਲੀਟਿਕਲ ਟੈਨਸ਼ਨ ਨੂੰ ਹੋਰ ਵਧਾ ਦਿੱਤਾ ਹੈ। ਦਰਅਸਲ, ਈਰਾਨ ਨੇ ਇਜ਼ਰਾਈਲ ’ਤੇ ਜ਼ਬਰਦਸਤ ਪਲਟਵਾਰ ਕਰਦੇ ਹੋਏ ਮਿਜ਼ਾਈਲਾਂ ਦਾਗ ਦਿੱਤੀਆਂ।
ਇਸ ਨੇ ਨਾ ਸਿਰਫ ਭਾਰਤੀ ਬਾਜ਼ਾਰ ਨੂੰ ਘੁਟਣ ’ਤੇ ਲਿਆ ਦਿੱਤਾ ਸਗੋਂ ਅਮਰੀਕੀ ਬਾਜ਼ਾਰ ’ਚ ਵੀ ਬਿਕਵਾਲੀ ਲਿਆ ਦਿੱਤੀ।