ਸਟੀਲਬਰਡ ਹੈਲਮੇਟ ਉਤਪਾਦਨ ਸਮਰੱਥਾ ਵਧਾਏਗੀ, ਕਰੇਗੀ ਵੱਡੇ ਪਲਾਂਟ 'ਚ 150 ਕਰੋੜ ਦਾ ਨਿਵੇਸ਼

06/25/2019 4:49:12 PM

ਨਵੀਂ ਦਿੱਲੀ — ਹੈਲਮੇਟ ਬਣਾਉਣ ਵਾਲੀ ਕੰਪਨੀ ਸਟੀਲਬਰਡ ਹਾਈਟੈੱਕ ਇੰਡੀਆ ਆਪਣੇ ਹਿਮਾਚਲ ਪ੍ਰਦੇਸ਼ ਦੇ ਬੱਦੀ ਪਲਾਂਟ ਦੀ ਉਤਪਾਦਨ ਸਮਰੱਥਾ 'ਚ ਵਾਧੇ ਲਈ 150 ਕਰੋੜ ਦਾ ਨਿਵੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੇ ਕਾਰਖਾਨੇ ਦੇ ਕੋਲ 15,600 ਵਰਗ ਮੀਟਰ ਦੀ ਜ਼ਮੀਨ ਖਰੀਦੀ ਹੈ। ਸਟੀਲਬਰਡ ਹਾਈ ਟੈਕ ਨੇ ਮੰਗਲਵਾਰ ਨੂੰ ਬਿਆਨ ਵਿਚ ਕਿਹਾ, ' 150 ਕਰੋੜ ਦੇ ਨਿਵੇਸ਼ ਦੇ ਨਾਲ ਇਸ ਕਾਰਖਾਨੇ 'ਚ ਖੇਤਰ ਦੀ ਸਭ ਤੋਂ ਆਧੁਨਿਕ ਤਕਨਾਲੋਜੀ ਹੋਵੇਗੀ। ਜਲਦੀ ਹੀ ਇਸ ਕਾਰਖਾਨੇ ਵਿਚ ਹਰ ਰੋਜ਼ 44,500 ਹੈਲਮੇਟ ਦਾ ਉਤਪਾਦਨ ਹੋਣ ਲੱਗੇਗਾ।' ਕੰਪਨੀ ਨੇ ਕਿਹਾ ਕਿ ਇਸ ਸੌਦੇ ਨਾਲ ਉਸ ਨੂੰ ਆਪਣੇ ਉਤਪਾਦ ਪੋਰਟਫੋਲਿਓ ਦੇ ਵਿਸਥਾਰ ਕਰਨ 'ਚ ਸਹਾਇਤਾ ਮਿਲੇਗੀ। ਇਸਦੇ ਨਾਲ ਹੀ ਕੰਪਨੀ ਆਪਣੇ ਮੌਜੂਦਾ ਮਾਡਲਾਂ ਵਿਚ ਹੋਰ ਮਾਡਲ ਜੋੜੇਗੀ ਅਤੇ ਘੱਟ ਕੀਮਤ ਵਾਲੇ ਉਤਪਾਦਾਂ ਦੇ ਨਾਲ ਪ੍ਰੀਮੀਅਮ ਉਤਪਾਦਾਂ ਦੀ ਮੰਗ ਨੂੰ ਪੂਰਾ ਕਰੇਗੀ।' ਫਿਲਹਾਲ ਇਸ ਪਲਾਂਟ ਦੀ ਸਮਰੱਥਾ 22,000 ਹੈਲਮੇਟ ਪ੍ਰਤੀਦਿਨ ਦੀ ਹੈ। ਸਟੀਲਬਰਡ ਹੈਲਮੇਟਸ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕਪੂਰ ਨੇ ਕੰਪਨੀ ਦੀ ਯੋਜਨਾ ਬਾਰੇ ਕਿਹਾ, 'ਸੜਕ ਸੁਰੱਖਿਆ ਦੇਸ਼ ਵਿਚ ਸਭ ਤੋਂ ਮਹੱਤਵਪੂਰਨ ਚਿੰਤਾ ਹੈ। ਦੁਰਘਟਨਾਵਾਂ ਵਿਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਰਕਾਰ ਲੋਕਾਂ ਦੀ ਜਾਨਾਂ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਕਰ ਰਹੀ ਹੈ। ਅਸੀਂ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਕੰਪਨੀ ਨੇ ਦੱਸਿਆ ਕਿ ਇਸ ਪਲਾਂਟ ਦੀ ਸਮਰੱਥਾ ਵਿਸਥਾਰ ਦਾ ਕੰਮ ਇਸ ਸਾਲ ਅਗਸਤ ਵਿਚ ਪੂਰਾ ਹੋ ਜਾਵੇਗਾ ਅਤੇ ਇਸ ਨਾਲ ਕਰੀਬ 2,500 ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ।
 


Related News