ਸਟੀਲ ਫਰਮਾਂ ਨੇ 20 ਸਤੰਬਰ ਤੋਂ 1.43 ਲੱਖ ਟਨ ਮੈਡੀਕਲ ਆਕਸੀਜਨ ਕੀਤੀ ਸਪਲਾਈ

Sunday, Apr 25, 2021 - 04:04 PM (IST)

ਸਟੀਲ ਫਰਮਾਂ ਨੇ 20 ਸਤੰਬਰ ਤੋਂ 1.43 ਲੱਖ ਟਨ ਮੈਡੀਕਲ ਆਕਸੀਜਨ ਕੀਤੀ ਸਪਲਾਈ

ਨਵੀਂ ਦਿੱਲੀ- ਸਟੀਲ ਕੰਪਨੀਆਂ ਨੇ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 1.43 ਲੱਖ ਟਨ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਦੀ ਸਪਲਾਈ ਕੀਤੀ ਹੈ। ਸਟੀਲ ਮੰਤਰਾਲਾ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ, ਸਤੰਬਰ 2020 ਤੋਂ 22 ਅਪ੍ਰੈਲ, 2021 ਤੱਕ ਜਨਤਕ ਅਤੇ ਨਿੱਜੀ ਖੇਤਰ ਦੇ ਸਟੀਲ ਉਦਯੋਗ ਨੇ 1,43,876.28 ਟਨ ਐੱਲ. ਐੱਮ. ਓ. ਦੀ ਸਪਲਾਈ ਕੀਤੀ ਹੈ। ਇਨ੍ਹਾਂ ਵਿਚ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਹਿੱਸਾ 39,805.73 ਟਨ ਹੈ।

ਨਿੱਜੀ ਖੇਤਰ ਵਿਚ ਟਾਟਾ ਸਟੀਲ, ਆਰਸੇਲਰ ਮਿੱਤਲ ਨਿਪਨ ਸਟੀਲ ਇੰਡੀਆ (ਏ. ਐੱਮ. ਐੱਨ. ਐੱਸ. ਇੰਡੀਆ), ਜੇ. ਐੱਸ. ਡਬਲਯੂ .ਸਟੀਲ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਹਨ। (ਜੇ. ਐਸ. ਪੀ. ਐੱਲ.) ਅਤੇ ਵੇਦਾਂਤਾ ਈ.ਐੱਸ. ਐੱਲ. ਹਨ, ਜਿਨ੍ਹਾਂ ਨੇ ਮੈਡੀਕਲ ਆਕਸੀਜਨ ਸਪਲਾਈ ਕਰਨ ਦਾ ਕੰਮ ਕੀਤਾ ਹੈ। ਭਾਰਤੀ ਸਟੀਲ ਅਥਾਰਟੀ (ਸੇਲ) ਅਤੇ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਨੇ ਵੀ ਆਕਸੀਜਨ ਦੀ ਸਪਲਾਈ ਕੀਤੀ ਹੈ। ਸਟੀਲ ਪਲਾਂਟਾਂ ਤੋਂ ਆਕਸੀਜਨ ਦੀ ਸਪਲਾਈ ਮਹਾਰਾਸ਼ਟਰ, ਯੂ. ਪੀ., ਆਂਧਰਾ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਦਿੱਲੀ, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਨੂੰ ਕੀਤੀ ਗਈ ਹੈ। 

ਟਾਟਾ ਸਟੀਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਵੱਖ-ਵੱਖ ਸੂਬਿਆਂ ਨੂੰ ਪ੍ਰਤੀ ਦਿਨ 300 ਟਨ ਐੱਲ. ਐੱਮ. ਓ. ਸਪਲਾਈ ਕਰ ਰਹੀ ਹੈ। ਇਸ ਵਿਚਕਾਰ ਏ. ਐੱਮ. ਐੱਨ. ਐੱਸ. ਇੰਡੀਆ ਨੇ ਆਪਣੀ ਰੋਜ਼ਾਨਾ ਸਪਲਾਈ 210 ਟਨ ਤੱਕ ਵਧਾ ਦਿੱਤੀ ਹੈ। ਜੇ. ਐੱਸ. ਡਬਲਯੂ .ਅਤੇ ਜੇ. ਐਸ. ਪੀ. ਐੱਲ. ਨੇ ਦੱਸਿਆ ਹੈ ਕਿ ਉਹ ਕ੍ਰਮਵਾਰ 185 ਅਤੇ 100 ਟਨ ਆਕਸੀਜਨ ਦੀ ਸਪਲਾਈ ਕਰ ਰਹੇ ਹਨ। ਰਾਸ਼ਟਰੀ ਇਸਪਾਤ ਨਿਗਮ ਨੇ ਕਿਹਾ ਹੈ ਕਿ ਉਹ ਪ੍ਰਤੀ ਦਿਨ 100 ਟਨ ਐੱਲ. ਐੱਮ. ਓ. ਸਪਲਾਈ ਕਰ ਰਹੀ ਹੈ। ਸੇਲ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਉਹ ਪ੍ਰਤੀ ਦਿਨ ਔਸਤ 600 ਟਨ ਆਕਸੀਜਨ ਦੀ ਸਪਲਾਈ ਕਰ ਰਹੀ ਹੈ।


author

Sanjeev

Content Editor

Related News