ਭਾਰਤ 'ਚ ਅਮੀਰਾਂ ਦੀ ਗਿਣਤੀ ਵਧੀ, ਲਗਜ਼ਰੀ ਕਾਰਾਂ ਦੀ ਫਿਰ ਵੀ ਸੇਲ ਘਟੀ

01/05/2019 4:46:16 PM

ਮੁੰਬਈ— ਭਾਰਤ 'ਚ ਕਰੋੜਪਤੀਆਂ ਦੀ ਗਿਣਤੀ 3 ਲੱਖ ਤੋਂ ਵੀ ਵੱਧ ਹੋ ਗਈ ਹੈ ਪਰ ਲਗਜ਼ਰੀ ਕਾਰਾਂ ਦੀ ਵਿਕਰੀ ਇਸ ਮੁਤਾਬਕ ਨਹੀਂ ਦੌੜ ਰਹੀ। ਭਾਰਤ 'ਚ ਲਗਜ਼ਰੀ ਕਾਰਾਂ ਦੀ ਵਿਕਰੀ 2018 'ਚ ਪਿਛਲੇ ਸਾਲ ਦੇ ਮੁਕਾਬਲੇ ਸਿਰਫ 4 ਤੋਂ 5 ਫੀਸਦੀ ਦੀ ਦਰ ਨਾਲ ਹੀ ਵਧਣ ਦੇ ਆਸਾਰ ਹਨ। 2017 'ਚ ਲਗਜ਼ਰੀ ਕਾਰਾਂ ਦੀ ਵਿਕਰੀ 2016 ਦੇ ਮੁਕਾਬਲੇ 17 ਫੀਸਦੀ ਵਧ ਕੇ 39,039 ਯੂਨਿਟਸ ਰਹੀ ਸੀ, ਜਦੋਂ ਕਿ 2018 'ਚ ਇਹ ਅੰਕੜਾ ਸਿਰਫ 4.48 ਫੀਸਦੀ ਵਧ ਕੇ 40,788 ਯੂਨਿਟਸ ਰਹਿਣ ਦੀ ਸੰਭਾਵਨਾ ਹੈ।
ਇਸ ਦਾ ਕਾਰਨ ਹੈ ਕਿ ਉੱਚ ਦਰਾਮਦ ਡਿਊਟੀ, ਖਰਾਬ ਆਰਥਿਕ ਮਾਹੌਲ ਅਤੇ ਕਮਜ਼ੋਰ ਸ਼ੇਅਰ ਬਾਜ਼ਾਰ ਕਾਰਨ ਖਰੀਦਦਾਰਾਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਜੇਕਰ 2016 ਦੇ ਪ੍ਰਦਰਸ਼ਨ ਨੂੰ ਛੱਡ ਦਿੱਤਾ ਜਾਵੇ ਤਾਂ ਇਸ ਦਰ 'ਤੇ ਗ੍ਰੋਥ ਇਕ ਦਹਾਕੇ 'ਚ ਸਭ ਤੋਂ ਘੱਟ ਹੈ। ਸਾਲ 2016 'ਚ ਨੋਟਬੰਦੀ ਕਾਰਨ ਬਾਜ਼ਾਰ 'ਤੇ ਭਾਰੀ ਮਾਰ ਪਈ ਸੀ, ਜਦੋਂ ਕਿ ਸੁਪਰੀਮ ਕੋਰਟ ਵੱਲੋਂ ਰਾਸ਼ਟਰੀ ਰਾਜਧਾਨੀ ਖੇਤਰ 'ਚ ਡੀਜ਼ਲ ਕਾਰਾਂ 'ਤੇ ਲਗਾਈ ਗਈ ਪਾਬੰਦੀ ਦਾ ਵੀ ਵੱਡਾ ਅਸਰ ਰਿਹਾ।
ਹਾਲਾਂਕਿ 2018 'ਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਅਤੇ ਇਹ ਉਹ ਸਾਲ ਸੀ ਜਦੋਂ ਭਾਰਤ ਹਲਕੇ ਵਾਹਨਾਂ ਦੇ ਬਾਜ਼ਾਰ ਲਈ ਵਿਸ਼ਵ ਦੇ ਟਾਪ ਪੰਜ ਦੇਸ਼ਾਂ 'ਚ ਰਿਹਾ।
ਅਸਲ 'ਚ ਸਾਲ ਦੇ ਸ਼ੁਰੂ 'ਚ ਲਗਜ਼ਰੀ ਕਾਰਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਬਹੁਤ ਸਾਰੇ ਹੋਰ ਨਿਰਮਾਣ ਕਰਤਾਵਾਂ ਨੇ ਵੀ ਪਹਿਲੇ 6 ਮਹੀਨਿਆਂ 'ਚ ਦੋ ਅੰਕਾਂ 'ਚ ਤੇਜ਼ੀ ਦਰਜ ਕੀਤੀ। ਹਾਲਾਂਕਿ ਦੂਜੀ ਛਿਮਾਹੀ 'ਚ ਇਹ ਰਫਤਾਰ ਘੱਟ ਹੋ ਗਈ ਅਤੇ ਇਨ੍ਹਾਂ 'ਚੋਂ ਬਹੁਤ ਸਾਰੀਆਂ ਕੰਪਨੀਆਂ ਦੀ ਵਿਕਰੀ 'ਚ ਗਿਰਾਵਟ ਦਰਜ ਹੋਈ।
 

ਭਾਰਤ 'ਚ ਆਡੀ ਦਾ ਜਲਵਾ ਰਹਿ ਸਕਦੈ ਫਿੱਕਾ-
ਭਾਰਤ 'ਚ ਆਡੀ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਬਾਜ਼ਾਰ ਲੀਡਰ ਮਰਸੀਡਜ਼ ਬੈਂਜ ਅਤੇ ਟਾਟਾ ਮੋਟਰਜ਼ ਦੀ ਪ੍ਰਸਿੱਧ ਜਗੁਆਰ ਲੈਂਡ ਰੋਵਰ ਨੂੰ 2018 'ਚ ਇਕ ਅੰਕ 'ਚ ਗ੍ਰੋਥ ਦਰਜ ਹੋਣ ਦਾ ਅੰਦਾਜ਼ਾ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਪਹਿਲੀ ਛਿਮਾਹੀ 'ਚ ਜ਼ਬਰਦਸਤ ਮੰਗ ਹੋਣ ਦੇ ਮੱਦੇਨਜ਼ਰ ਕੰਪਨੀਆਂ ਨੇ ਉੱਚੀ ਦਰਾਮਦ ਡਿਊਟੀ ਦਾ ਭਾਰ ਖੁਦ ਹੀ ਸਹਿਣ ਕੀਤਾ ਪਰ ਦੂਜੀ ਛਿਮਾਹੀ 'ਚ ਕਮਜ਼ੋਰ ਰੁਪਏ ਕਾਰਨ ਨਾ ਸਿਰਫ ਲਾਗਤ ਵਧੀ ਸਗੋਂ ਮਹਿੰਗੇ ਤੇਲ, ਵਿਆਜ ਦਰਾਂ ਵਧਣ ਅਤੇ ਸਟਾਕ ਮਾਰਕੀਟ 'ਚ ਕਮਜ਼ੋਰੀ ਕਾਰਨ ਖਰੀਦਦਾਰਾਂ ਨੇ ਦੂਰੀ ਬਣਾ ਲਈ। ਹਾਲਾਂਕਿ 2018 'ਚ ਕਾਰਾਂ ਦੀ ਵਿਕਰੀ 'ਚ ਮੰਦੀ ਦੇ ਬਾਵਜੂਦ ਇੰਡਸਟਰੀ ਨੂੰ ਉਮੀਦ ਹੈ ਕਿ 2019 ਉਨ੍ਹਾਂ ਲਈ ਬਿਹਤਰ ਸਾਬਤ ਹੋਵੇਗਾ। ਭਾਰਤ 'ਚ ਕਰੋੜਪਤੀ ਲੋਕਾਂ ਦੀ ਵਧਦੀ ਗਿਣਤੀ ਅਤੇ ਘੱਟ ਲੋਕਾਂ ਕੋਲ ਲਗਜ਼ਰੀ ਗੱਡੀ ਨੂੰ ਦੇਖਦੇ ਹੋਏ ਮਰਸੀਡਜ਼ ਅਤੇ ਹੋਰ ਕੰਪਨੀਆਂ ਭਾਰਤੀ ਬਾਜ਼ਾਰ ਪ੍ਰਤੀ ਉਤਸ਼ਾਹਤ ਹਨ। ਭਾਰਤ 'ਚ ਵਿਕਣ ਵਾਲੀਆਂ ਕੁੱਲ ਕਾਰਾਂ 'ਚ ਲਗਜ਼ਰੀ ਕਾਰਾਂ ਦੀ ਹਿੱਸੇਦਾਰੀ ਸਿਰਫ 1.5 ਫੀਸਦੀ ਹੀ ਹੈ, ਜਦੋਂ ਕਿ ਚੀਨ 'ਚ 13 ਅਤੇ ਅਮਰੀਕਾ 'ਚ 13 ਫੀਸਦੀ ਹੈ। ਵਿੱਤੀ ਸਾਲ 2018 ਦੇ ਅਖੀਰ ਤਕ ਭਾਰਤ 'ਚ 3.4 ਲੱਖ ਤੋਂ ਵਧ ਕਰੋੜਪਤੀ ਹੋ ਗਏ ਹਨ, ਜਦੋਂ ਕਿ ਲਗਜ਼ਰੀ ਕਾਰਾਂ ਦਾ ਬਾਜ਼ਾਰ ਸਾਲ 'ਚ ਅਜੇ ਤਕ 50,000 ਯੂਨਿਟ ਦੇ ਵੀ ਪਾਰ ਨਹੀਂ ਹੋਇਆ ਹੈ।


Related News