ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ
Friday, Jul 24, 2020 - 02:53 PM (IST)
ਮੁੰਬਈ— ਸਸਤੇ ਹਵਾਈ ਸਫਰ ਲਈ ਜਾਣੀ ਜਾਂਦੀ ਏਅਰਲਾਇੰਸ ਸਪਾਈਸ ਜੈੱਟ ਨੂੰ ਭਾਰਤ ਤੋਂ ਬ੍ਰਿਟੇਨ ਲਈ ਉਡਾਣ ਸੇਵਾਵਾਂ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ।
ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ। ਕੰਪਨੀ ਨੂੰ ਭਾਰਤ ਦੀ ਨੋਟੀਫਾਈਡ ਏਅਰਲਾਈਨ ਦਾ ਦਰਜਾ ਮਿਲ ਚੁੱਕਾ ਹੈ।
ਸਪਾਈਸ ਜੈੱਟ ਨੇ ਕਿਹਾ ਕਿ ਦੁਵੱਲੇ ਹਵਾਈ ਆਵਾਜਾਈ ਸੇਵਾ ਸਮਝੌਤੇ ਤਹਿਤ ਭਾਰਤ ਅਤੇ ਬ੍ਰਿਟੇਨ ਦੀ ਸਰਕਾਰ ਨੇ ਸਪਾਈਸ ਜੈੱਟ ਨੂੰ 'ਇੰਡੀਆ-ਯੂਕੇ' ਹਵਾਈ ਮਾਰਗ 'ਤੇ ਸੇਵਾ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। 'ਹਵਾਈ ਸੇਵਾ ਸਮਝੌਤਾ' ਇਕ ਦੋ-ਪੱਖੀ ਸਮਝੌਤਾ ਹੈ ਜੋ ਦੋਵਾਂ ਦੇਸ਼ਾਂ ਵਿਚਾਲੇ ਕੌਮਾਂਤਰੀ ਵਪਾਰਕ ਯਾਤਰੀ ਉਡਾਣ ਸੇਵਾਵਾਂ ਦੀ ਸ਼ੁਰੂਆਤ ਦੀ ਇਜਾਜ਼ਤ ਦਿੰਦਾ ਹੈ। ਸਪਾਈਸ ਜੈੱਟ ਨੂੰ ਇਹ ਹਰੀ ਝੰਡੀ ਅਜਿਹੇ ਸਮੇਂ ਮਿਲੀ ਹੈ ਜਦੋਂ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਦੀਆਂ ਕੌਮਾਂਤਰੀ ਉਡਾਣਾਂ 'ਤੇ 22 ਮਾਰਚ ਤੋਂ ਪਾਬੰਦੀ ਲਗਾਈ ਗਈ ਹੈ। ਮੌਜੂਦਾ ਸਮੇਂ ਇਕਲੌਤੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਭਾਰਤ ਅਤੇ ਬ੍ਰਿਟੇਨ ਦਰਮਿਆਨ ਉਡਾਣਾਂ ਚਲਾ ਰਹੀ ਹੈ।