Spicejet ਕਰੇਗੀ ਕੋਵਿਡ-19 ਵੈਕਸੀਨ ਦੀ ਡਿਲਵਰੀ, ਇਸ ਕੰਪਨੀ ਨਾਲ ਹੋਇਆ ਸਮਝੌਤਾ
Saturday, Dec 12, 2020 - 10:36 AM (IST)
ਨਵੀਂ ਦਿੱਲੀ — ਵਿਸ਼ਵ ਦੇ ਨਾਲ-ਨਾਲ ਭਾਰਤ ਵਿਚ ਵੀ ਕੋਰੋਨਾ ਲਾਗ ਨਾਲ ਲੜਨ ਲਈ ਵੈਕਸੀਨ ਦੀ ਉਡੀਕ ਹੋ ਰਹੀ ਹੈ। ਇੰਗਲੈਂਡ ਨੇ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਪ੍ਰਵਾਨਗੀ ਦੇ ਕੇ ਐਮਰਜੈਂਸੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਭਾਰਤ ਵਿਚ ਫਾਈਜ਼ਰ, ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਭਾਰਤ ਬਾਇਓਟੈਕ ਨੇ ਸਰਕਾਰ ਤੋਂ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਮੰਗੀ ਹੈ। ਜਿਸ 'ਤੇ ਸਰਕਾਰ ਜਲਦ ਹੀ ਕੋਈ ਫੈਸਲਾ ਲੈਣ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਕੋਰੋਨਾ ਟੀਕੇ ਦੀ ਢੋਆ-ਢੁਆਈ ਲਈ ਤਿਆਰੀ ਸ਼ੁਰੂ ਹੋ ਗਈ ਹੈ। ਇਸ ਮੁਹਿੰਮ ਤਹਿਤ ਸਪਾਈਸਜੈੱਟ ਅਤੇ ਓਮ ਲਾਜਿਸਟਿਕਸ ਨੇ ਕਰਾਰ ਕੀਤਾ ਹੈ। ਜਿਸ ਵਿਚ ਇਹ ਦੋਵੇਂ ਕੰਪਨੀਆਂ ਕੋਵਿਡ ਟੀਕੇ ਦੀ ਤੇਜ਼ ਅਤੇ ਅਸਾਨ ਸਪਲਾਈ ਨੂੰ ਯਕੀਨੀ ਬਣਾਉਣਗੀਆਂ।
ਸਪਾਈਸ ਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ ਵੈਕਸੀਨ ਨੂੰ ਸਟੋਰ ਕਰਨ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੋਲਡ ਸਟੋਰੇਜ ਰੂਮ ਦੀ ਇਕ ਲੜੀ ਤਿਆਰ ਕੀਤੀ ਜਾ ਰਹੀ ਹੈ। ਤਾਂ ਜੋ ਕੋਵਿਡ ਟੀਕੇ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾ ਸਕੇ। ਸਪਾਈਸਜੈੱਟ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਸਦੀ ਮਾਲ ਸੇਵਾ ਸਪਾਈਸ ਐਕਸਪ੍ਰੈਸ ਨਿਯੰਤਰਿਤ ਤਾਪਮਾਨ ਵਿਚ -25 ਡਿਗਰੀ ਸੈਲਸੀਅਸ ਤੋਂ ਲੈ ਕੇ -40 ਡਿਗਰੀ ਸੈਲਸੀਅਸ ਤੱਕ ਟੀਕਿਆਂ ਅਤੇ ਵੈਕਸੀਨ ਦੀ ਆਵਾਜਾਈ ਪ੍ਰਤੀ ਵਚਨਬੱਧ ਰਹੇਗੀ।
ਇਹ ਵੀ ਪੜ੍ਹੋ: ਬੀਅਰ ਕੰਪਨੀਆਂ ਕੀਮਤਾਂ ਵਧਾਉਣ ਲਈ 11 ਸਾਲ ਤੋਂ ਚਲ ਰਹੀਆਂ ਸਨ ਇਹ ਚਾਲ
ਓਮ ਲਾਜਿਸਟਿਕਸ ਦਾ ਦੇਸ਼ ਅਤੇ ਵਿਸ਼ਵ ਵਿਚ ਇਕ ਵੱਡਾ ਨੈਟਵਰਕ - ਓਮ ਲਾਜਸਟਿਕਸ ਦੇਸ਼ ਵਿਚ ਚੁਣੀਆਂ ਹੋਈਆਂ ਕੰਪਨੀਆਂ ਵਿਚੋਂ ਇਕ ਹੈ। ਜਿਸਦਾ ਦੇਸ਼-ਵਿਦੇਸ਼ ਵਿਚ ਵੱਡਾ ਨੈੱਟਵਰਕ ਹੈ। ਤੁਹਾਨੂੰ ਦੱਸ ਦੇਈਏ ਕਿ ਓਮ ਲੌਜਿਸਟਿਕਸ ਦੇ ਦੁਨੀਆ ਭਰ ਵਿੱਚ 12 ਹਜ਼ਾਰ ਤੋਂ ਵੱਧ ਦਫਤਰ ਹਨ। ਭਾਰਤ ਵਿਚ ਇਹ ਕੰਪਨੀ 19 ਹਜ਼ਾਰ ਤੋਂ ਵੱਧ ਪਿੰਨ ਕੋਡਾਂ 'ਤੇ ਆਪਣੀ ਸਪੁਰਦਗੀ ਪ੍ਰਦਾਨ ਕਰਦੀ ਹੈ। ਅਜਿਹੀ ਸਥਿਤੀ ਵਿਚ ਓਮ ਲੌਜਿਸਟਿਕਸ ਅਤੇ ਸਪਾਈਸਜੈੱਟ ਵਿਚਕਾਰ ਸਾਂਝੇਦਾਰੀ ਕੋਵਿਡ ਟੀਕੇ ਦੀ ਸੁਰੱਖਿਅਤ ਆਵਾਜਾਈ ਦਾ ਭਰੋਸਾ ਦਿੰਦੀ ਹੈ।
ਇਹ ਵੀ ਪੜ੍ਹੋ: ਫੇਸਬੁੱਕ: ਜੇ ਕੰਪਨੀ ਹਾਰੀ 'ਐਂਟੀਟਰੱਸਟ ਕੇਸ' ਤਾਂ ਵੇਚਣਾ ਪੈ ਸਕਦੈ ਵੱਡਾ ਕਾਰੋਬਾਰ
ਨੋਟ - ਕੀ ਤੁਹਾਨੂੰ ਲੱਗਦਾ ਹੈ ਕਿ ਕੋਰੋਨਾ ਲਾਗ ਦੀ ਵੈਕਸੀਨ ਜਲਦ ਹੀ ਆਮ ਲੋਕਾਂ ਲਈ ਉਪਲੱਬਧ ਹੋ ਸਕੇਗੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।