ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਪਟਨਾ ਲਈ ਸ਼ੁਰੂ ਹੋਵੇਗੀ ਨਵੀਂ ਉਡਾਣ
Wednesday, Feb 19, 2020 - 01:42 PM (IST)
ਨਵੀਂ ਦਿੱਲੀ— ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੈ। ਸਸਤੀ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਸਪਾਈਸ ਜੈੱਟ ਜਲਦ ਹੀ ਦੇਸ ਭਰ 'ਚ 20 ਹੋਰ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ 'ਚ ਪਟਨਾ ਸਾਹਿਬ ਤੇ ਅੰਮ੍ਰਿਤਸਰ ਵਿਚਕਾਰ ਲਈ ਵੀ ਨਵੀਂ ਫਲਾਈਟ ਸ਼ਾਮਲ ਹੈ।
ਇਸ ਤੋਂ ਇਲਾਵਾ ਕੰਪਨੀ ਪਹਿਲੀ ਵਾਰ ਆਪਣੇ ਨੈੱਟਵਰਕ 'ਤੇ ਖੇਤਰੀ ਸੰਪਰਕ ਯੋਜਨਾ (ਆਰ. ਸੀ. ਐੱਸ.) ਤਹਿਤ ਹੈਦਰਾਬਾਦ-ਮੰਗਲੁਰੂ, ਬੇਂਗਲੁਰੂ-ਜਬਲਪੁਰ ਤੇ ਮੁੰਬਈ-ਔਰੰਗਾਬਾਦ ਮਾਰਗਾਂ 'ਤੇ ਵੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਨਵੀਆਂ ਫਲਾਈਟਾਂ ਦੇ ਸ਼ੁਰੂ ਹੋਣ ਨਾਲ ਸਪਾਈਸ ਜੈੱਟ ਦੀਆਂ ਆਰ. ਸੀ. ਐੱਸ. ਯੋਜਨਾ ਅਧੀਨ 12 ਸ਼ਹਿਰਾਂ ਨੂੰ ਜੋੜਨ ਵਾਲੀਆਂ ਉਡਾਣਾਂ ਦੀ ਗਿਣਤੀ ਵੱਧ ਕੇ 52 ਹੋ ਜਾਵੇਗੀ।
ਸਪਾਈਸ ਜੈੱਟ ਦੀ ਪਟਨਾ ਸਾਹਿਬ ਤੋਂ ਅੰਮ੍ਰਿਤਸਰ, ਵਾਰਾਣਸੀ ਤੇ ਗੁਹਾਟੀ 'ਤੇ ਨਵੀਂ ਉਡਾਣ ਸਰਵਿਸ 29 ਮਾਰਚ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਕਿਹਾ ਹੈ ਕਿ ਨਵੀਂ ਸੇਵਾ ਤਹਿਤ ਜਹਾਜ਼ ਰੋਜ਼ਾਨਾ ਉਡਾਣ ਭਰਨਗੇ ਅਤੇ ਬੋਇੰਗ 737-800 ਤੇ ਬੋਮਬਾਈਡਰ Q400 ਵਰਗੇ ਜਹਾਜ਼ ਇਸ ਸੇਵਾ 'ਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ AIR INDIA ਵੀ ਪਟਨਾ ਸਾਹਿਬ ਤੇ ਅੰਮ੍ਰਿਤਸਰ ਵਿਚਕਾਰ ਫਲਾਈਟ ਸਰਵਿਸ ਦੇ ਰਹੀ ਹੈ। AIR INDIA ਨੇ ਪਿਛਲੇ ਸਾਲ ਅਕਤੂਬਰ 'ਚ ਇਹ ਫਲਾਈਟ ਸ਼ੁਰੂ ਕੀਤੀ ਸੀ। ਸਪਾਈਸ ਜੈੱਟ ਦੀ ਨਵੀਂ ਫਲਾਈਟ ਇਸ ਰੂਟ 'ਤੇ ਸ਼ੁਰੂ ਹੋਣ ਨਾਲ ਹਵਾਈ ਮੁਸਾਫਰਾਂ ਨੂੰ ਸਫਰ 'ਚ ਹੋਰ ਆਸਾਨੀ ਹੋਣ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਪਟਨਾ ਸਾਹਿਬ ਲਈ ਬੁਕਿੰਗ ਕਰਦੇ ਵਕਤ ਯਾਤਰਾ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ।