ਦਿੱਲੀ ਵਾਲਿਆਂ ਲਈ SpiceJet ਦਾ ਖਾਸ ਆਫਰ, ਵੋਟਿੰਗ ਕਰਨ ਵਾਲੇ ਕਰ ਸਕਣਗੇ ਮੁਫਤ ਹਵਾਈ ਸਫਰ

02/03/2020 5:57:45 PM

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕਰਨ 'ਚ ਕੁਝ ਹੀ ਦਿਨ ਬਾਕੀ ਬਚੇ ਹਨ ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। ਜਿਥੇ ਇਕ ਪਾਸੇ ਸਿਆਸੀ ਪਾਰਟੀਆਂ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣ ਲਈ ਵੱਖ-ਵੱਖ ਮਾਧਿਅਮ ਦਾ ਸਹਾਰਾ ਲੈ ਰਹੀਆਂ ਹਨ ਉਥੇ ਦੂਜੇ ਪਾਸੇ ਏਅਰਲਾਈਨ ਕੰਪਨੀ ਸਪਾਈਸਜੈੱਟ ਦਿੱਲੀ ਤੋਂ ਬਾਹਰ ਰਹਿਣ ਵਾਲੇ ਦਿੱਲੀ ਦੇ ਲੋਕਾਂ ਲਈ ਇਕ ਸ਼ਾਨਦਾਰ ਯੋਜਨਾ ਲੈ ਕੇ ਆਈ ਹੈ। ਇਸ ਯੋਜਨਾ ਦੇ ਤਹਿਤ 8 ਫਰਵਰੀ ਨੂੰ ਵੋਟਿੰਗ ਦੇ ਦਿਨ ਜੇਕਰ ਤੁਸੀਂ ਦਿੱਲੀ ਆ ਰਹੇ ਹੋ ਅਤੇ ਉਸੇ ਦਿਨ ਵਾਪਸ ਵੀ ਜਾਣਾ ਹੈ ਤਾਂ ਤੁਹਾਡੀ ਪੂਰੀ ਟਿਕਟ ਦਾ ਭੁਗਤਾਨ ਕੰਪਨੀ ਕਰੇਗੀ।

ਸਪਾਈਸਜੈੱਟ ਨੇ ਇਕ SpiceDemocracy  ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਏਅਰਲਾਈਨ ਕੰਪਨੀ ਨੇ ਕਿਹਾ ਹੈ ਕਿ ਜਿਹੜੇ ਲੋਕ ਦਿੱਲੀ 'ਚ 8 ਫਰਵਰੀ ਨੂੰ ਵੋਟ ਪਾਉਣ ਲਈ ਆਣਗੇ ਉਨ੍ਹਾਂ ਨੂੰ ਇਸ ਆਫਰ ਦਾ ਲਾਭ ਮਿਲੇਗਾ। ਜੇਕਰ ਕੋਈ ਵਿਅਕਤੀ 8 ਨੂੰ ਆਉਂਦਾ ਹੈ ਅਤੇ ਉਸੇ ਦਿਨ ਵਾਪਸ ਚਲਾ ਜਾਂਦਾ ਹੈ ਤਾਂ ਉਸ ਦਾ ਦੋਵਾਂ ਪਾਸਿਆਂ ਦਾ ਕਿਰਾਇਆ ਕੰਪਨੀ ਦੇਵੇਗੀ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ 7 ਫਰਵਰੀ ਨੂੰ ਆਉਂਦਾ ਹੈ ਅਤੇ 8 ਨੂੰ ਵਾਪਸ ਜਾਂਦਾ ਹੈ ਤਾਂ ਉਸ ਦਾ 8 ਫਰਵਰੀ ਦਾ ਕਿਰਾਇਆ ਮੁਫਤ ਹੋਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ 8 ਫਰਵਰੀ ਨੂੰ ਆ ਰਹੇ ਹੋ ਅਤੇ 9 ਫਰਵਰੀ ਦੀ ਵਾਪਸੀ ਹੈ ਤਾਂ ਵੀ ਤੁਹਾਡੇ ਇਕ ਪਾਸੇ ਦੇ ਕਿਰਾਏ ਦਾ ਭੁਗਤਾਨ ਕੰਪਨੀ ਕਰੇਗੀ। 

ਸਪਾਈਸ ਜੈੱਟ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਵੋਟ ਪਾਉਣ ਲਈ ਦਿੱਲੀ ਆ ਰਹੇ ਹੋ ਤਾਂ ਤੁਹਾਨੂੰ ਕੰਪਨੀ ਦੀ ਵੈਬਸਾਈਟ 'ਚ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਸੋਸ਼ਲ ਸਾਈਟ 'ਤੇ ਵੋਟਿੰਗ ਕਰਨ ਲਈ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨਾ ਹੋਵੇਗਾ। ਇਸ ਤੋਂ ਬਾਅਦ ਜੇਕਰ ਤੁਹਾਨੂੰ ਸ਼ਾਰਟ ਲਿਸਟ ਕੀਤਾ ਗਿਆ ਤਾਂ ਫਿਰ ਤੁਹਾਨੂੰ ਕੰਪਨੀ ਦਾ ਇਹ ਆਫਰ ਮਿਲ ਸਕੇਗਾ। ਇਸ ਸਹੂਲਤ ਦੇ ਤਹਿਤ ਏਅਰਲਾਈਨ ਕੰਪਨੀ ਸਿਰਫ ਯਾਤਰੀ ਟਿਕਟ ਦਾ ਜਿਹੜਾ ਬੇਸ ਫੇਅਰ ਹੋਵੇਗਾ ਸਿਰਫ ਉਸਦਾ ਹੀ ਭੁਗਤਾਨ ਕਰੇਗੀ। ਬਾਕੀ ਸਾਰੇ ਟੈਕਸ ਦਾ ਭੁਗਤਾਨ ਯਾਤਰੀ ਨੂੰ ਖੁਦ ਕਰਨਾ ਹੋਵੇਗਾ ਜਿਸ ਵਿਚ ਸਰਚਾਰਜ, ਲੇਵੀ ਅਤੇ ਬਾਕੀ ਹੋਰ ਲਾਗਤਾਂ ਸ਼ਾਮਲ ਹਨ।


Related News