ਸਪਾਈਸ ਜੈੱਟ ਨੇ ਪੂਰੀ ਕੀਤੀ ਮਾਲਵਾਹਕ ਜਹਾਜ਼ ਦੀ ਪਹਿਲੀ ਉਡਾਣ
Saturday, Aug 22, 2020 - 07:04 PM (IST)
 
            
            ਮੁੰਬਈ- ਕਿਫਾਇਤੀ ਹਵਾਬਾਜ਼ੀ ਸੇਵਾਵਾਂ ਦੇਣ ਵਾਲੀ ਕੰਪਨੀ ਸਪਾਈਸ ਜੈੱਟ ਨੇ ਐਮਸਟਰਡਮ ਤੋਂ ਇੱਥੋਂ ਲਈ ਏ340 ਮਾਲਵਾਹਕ ਜਹਾਜ਼ ਦੀ ਪਹਿਲੀ ਉਡਾਣ ਸਫਲਤਾਪੂਰਵਰਕ ਪੂਰੀ ਕਰ ਲਈ ਹੈ।
ਅਜਿਹਾ ਕਰਕੇ ਸਪਾਈਸ ਜੈੱਟ ਪਹਿਲੀ ਭਾਰਤੀ ਹਵਾਬਾਜ਼ੀ ਕੰਪਨੀ ਬਣ ਗਈ ਹੈ, ਜਿਸ ਨੇ ਲੰਬੀ ਦੂਰੀ ਦੀਆਂ ਨਾਨ-ਸਟਾਪ ਕਾਰਗੋ ਸੇਵਾਵਾਂ ਦਾ ਸੰਚਾਲਨ ਕੀਤਾ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਹੈ ਕਿ ਉੱਥੇ ਹੀ ਏ340 ਮਾਲਵਾਹਕ ਜਹਾਜ਼ ਸ਼ਨੀਵਾਰ ਨੂੰ ਮੁੰਬਈ ਤੋਂ ਸੂਡਾਨ ਲਈ ਅਗਲੀ ਉਡਾਣ ਭਰੇਗਾ। ਕੰਪਨੀ ਕੋਲ 9 ਮਾਲਵਾਹਕ ਜਹਾਜ਼ਾਂ ਦਾ ਇਕ ਵੱਖਰਾ ਬੇੜਾ ਹੈ।
ਇਸ ਵਿਚ 5 ਬੋਇੰਗ 737, ਤਿੰਨ ਬੰਬਾਰਡੀਅਰ ਕਿਊ-400 ਅਤੇ ਇਕ ਏਅਰਬਸ ਏ340 ਸ਼ਾਮਲ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਪਾਈਸ ਜੈੱਟ ਨੇ ਏਅਰਬਸ ਏ340 ਦੀ ਵਰਤੋਂ ਐਮਸਟਰਡਮ ਤੋਂ ਮੁੰਬਈ ਲਈ ਆਪਣੀ ਪਹਿਲੀ ਲੰਬੀ ਦੂਰੀ ਦੀ ਮਾਲਵਾਹਕ ਉਡਾਣ ਸ਼ਨੀਵਾਰ ਨੂੰ ਪੂਰੀ ਕੀਤੀ। ਇਹ ਉਡਾਣ ਐਮਸਟਰਡਮ ਤੋਂ ਸਥਾਨਕ ਸਮੇਂ ਮੁਤਾਬਕ 21 ਅਗਸਤ ਨੂੰ ਰਾਤ 10.50 ਵਜੇ ਰਵਾਨਾ ਹੋਈ ਤੇ ਸ਼ਨੀਵਾਰ ਨੂੰ ਸਵੇਰੇ 10.54 'ਤੇ ਮੁੰਬਈ ਪੁੱਜੀ। ਇਸ 'ਤੇ 14 ਟਨ ਤੋਂ ਵੱਧ ਮਾਲ ਸੀ। ਇਹ ਜਹਾਜ਼ ਹੁਣ ਐਤਵਾਰ ਨੂੰ ਇੱਥੋਂ 40 ਟਨ ਮਾਲ ਨਾਲ ਸੂਡਾਨ ਦੇ ਖਾਰਤੂਮ ਲਈ ਰਵਾਨਾ ਹੋਵੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            