ਨਵੰਬਰ ''ਚ ਚੀਨ ਵੱਲੋਂ US ਤੋਂ ਸੋਇਆਬੀਨ ਦੀ ਦਰਾਮਦ ਵਧੀ
Thursday, Dec 26, 2019 - 02:07 PM (IST)

ਬੀਜਿੰਗ— ਯੂ. ਐੱਸ. ਨਾਲ ਅੰਤਰਿਮ ਵਪਾਰ ਕਰਾਰ ਦੀ ਘੋਸ਼ਣਾ ਮਗਰੋਂ ਨਵੰਬਰ 'ਚ ਚੀਨ ਨੇ ਜਮ ਕੇ ਸੋਇਆਬੀਨ ਦੀ ਦਰਾਮਦ ਕੀਤੀ ਹੈ। ਡੋਨਾਲਡ ਟਰੰਪ ਤੇ ਸ਼ੀ ਜਿਨਪਿੰਗ ਹਾਲ ਹੀ 'ਚ ਇਕ ਦੂਜੇ ਦੇ ਸਮਾਨਾਂ 'ਤੇ ਟੈਰਿਫ ਘਟਾਉਣ ਲਈ ਰਾਜ਼ੀ ਹੋਏ ਹਨ। ਹਾਲਾਂਕਿ, ਇਸ 'ਤੇ ਅੰਤਿਮ ਮੋਹਰ ਲੱਗਣੀ ਬਾਕੀ ਹੈ। ਚਾਈਨਿਜ਼ ਕਸਟਮ ਵਿਭਾਗ ਦੇ ਅੰਕੜਿਆਂ ਮੁਤਾਬਕ, ਨਵੰਬਰ 'ਚ ਚੀਨ ਦੀ ਦਰਾਮਦ 53.7 ਫੀਸਦੀ ਵੱਧ ਕੇ 57 ਲੱਖ ਟਨ 'ਤੇ ਪਹੁੰਚ ਗਈ।
ਜ਼ਿਕਰਯੋਗ ਹੈ ਕਿ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬੀਜਿੰਗ ਦੇ ਮਾਲ 'ਤੇ ਟੈਰਿਫ ਡਿਊਟੀ ਵਧਾਉਣ ਮਗਰੋਂ ਚੀਨ ਨੇ ਸੋਇਆਬੀਨ ਦੀ ਦਰਾਮਦ ਘਟਾ ਦਿੱਤੀ ਸੀ। ਦੋਹਾਂ ਦੇਸ਼ਾਂ ਨੇ ਅਕਤੂਬਰ 'ਚ ਅੰਤਰਿਮ ਵਪਾਰ ਸਮਝੌਤਾ ਕਰਨ ਦੀ ਘੋਸ਼ਣਾ ਕੀਤੀ ਸੀ। ਇਸ ਕਰਾਰ 'ਤੇ ਜਨਵਰੀ 'ਚ ਹਸਤਾਖਰ ਹੋ ਸਕਦੇ ਹਨ।
ਯੂ. ਐੱਸ. ਚੀਨ ਵਿਚਕਾਰ 12 ਦਸੰਬਰ ਨੂੰ ਹੋਈ 'ਮਿੰਨੀ ਵਪਾਰ ਡੀਲ' ਮੁਤਾਬਕ, ਚੀਨ ਵੱਲੋਂ ਅਗਲੇ ਦੋ ਸਾਲਾਂ 'ਚ ਯੂ. ਐੱਸ. ਤੋਂ 200 ਅਰਬ ਡਾਲਰ ਦਾ ਨਵਾਂ ਮਾਲ ਖਰੀਦਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ 'ਚ 50 ਅਰਬ ਡਾਲਰ ਦੇ ਖੇਤੀਬਾੜੀ ਉਤਪਾਦ ਵੀ ਸ਼ਾਮਲ ਹਨ। ਡੋਨਾਲਡ ਟਰੰਪ ਨੇ ਇਸ ਹਫਤੇ ਕਿਹਾ ਸੀ ਕਿ ਉਹ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਮਿੰਨੀ ਵਪਾਰ ਸਮਝੌਤੇ 'ਤੇ ਜਲਦ ਹੀ ਹਸਤਾਖਰ ਕਰਨਗੇ। ਚੀਨ ਸੋਇਆਬੀਨ ਦੀ ਦਰਾਮਦ ਕੁਕਿੰਗ ਤੇਲ ਤੇ ਡੰਗਰਾਂ ਲਈ ਫੀਡ ਬਣਾਉਣ ਲਈ ਕਰਦਾ ਹੈ।