ਮਹਿੰਗਾ ਹੋਵੇਗਾ ਫੋਨ ''ਤੇ ਗੱਲਾਂ ਕਰਨਾ, 30 ਫੀਸਦੀ ਵਧਣ ਜਾ ਰਿਹੈ ਬਿੱਲ

01/20/2020 3:28:00 PM

ਨਵੀਂ ਦਿੱਲੀ— ਜਲਦ ਹੀ ਫੋਨ 'ਤੇ ਗੱਲਾਂ ਕਰਨਾ ਹੋਰ ਮਹਿੰਗਾ ਹੋ ਸਕਦਾ ਹੈ। ਟੈਲੀਕਾਮ ਕੰਪਨੀਆਂ ਟੈਰਿਫ 'ਚ 25 ਤੋਂ 30 ਫੀਸਦੀ ਤੱਕ ਦਾ ਵਾਧਾ ਕਰ ਸਕਦੀਆਂ ਹਨ।

ਇਸ ਦਾ ਕਾਰਨ ਹੈ ਕਿ ਇਕ ਤਾਂ ਇਨ੍ਹਾਂ ਦੀ ਪ੍ਰਤੀ ਯੂਜ਼ਰ ਕਮਾਈ (ARPU) ਨਹੀਂ ਵਧੀ ਹੈ ਤਾਂ ਦੂਜੇ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ, 23 ਜਨਵਰੀ ਤੱਕ ਵੋਡਾਫੋਨ-ਆਈਡੀਆ ਨੇ ਐਡਜਸਟਡ ਗ੍ਰੋਸ ਰੈਵੇਨਿਊ (ਏ. ਜੀ. ਆਰ.) ਬਕਾਏ ਦੇ ਤੌਰ 'ਤੇ ਦੂਰਸੰਚਾਰ ਵਿਭਾਗ ਨੂੰ 53,039 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਭਾਰਤੀ ਏਅਰਟੈੱਲ ਨੇ ਸਰਕਾਰ ਨੂੰ 35,586 ਕਰੋੜ ਦਾ ਭੁਗਤਾਨ ਕਰਨਾ ਹੈ। ਇਸ ਲਈ ਇਨ੍ਹਾਂ ਟੈਲੀਕਾਮ ਕੰਪਨੀਆਂ ਨੂੰ ਵਿੱਤੀ ਹਾਲਤ ਸੁਧਾਰਨ ਲਈ ਟੈਰਿਫ ਵਧਾਉਣਾ ਪਵੇਗਾ, ਜਿਸ ਕਾਰਨ ਯੂਜਰਜ਼ ਦਾ ਮੋਬਾਈਲ ਬਿੱਲ ਵਧੇਗਾ।

 

ਇਸ ਵਕਤ ਵੋਡਾਫੋਨ-ਆਈਡੀਆ ਸਭ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ। ਜੇਕਰ ਇਹ ਕੰਪਨੀ ਬੰਦ ਹੁੰਦੀ ਹੈ ਤਾਂ ਬਾਜ਼ਾਰ 'ਚ ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਦਾ ਹੀ ਦਬਦਬਾ ਰਹਿ ਜਾਵੇਗਾ ਤੇ ਇਨ੍ਹਾਂ ਨੂੰ ਮਨਮਰਜ਼ੀ ਨਾਲ ਟੈਰਿਫ ਵਧਾਉਣ 'ਚ ਕੋਈ ਦਿੱਕਤ ਨਹੀਂ ਹੋਵੇਗੀ।

ਇਕ ਵੀ ਟੈਲੀਕਾਮ ਕੰਪਨੀ ਬੰਦ ਹੋਣ ਨਾਲ ਕਰੋੜਾਂ ਮੋਬਾਈਲ ਯੂਜਰਜ਼ ਨੂੰ ਤਾਂ ਝਟਕਾ ਲੱਗੇਗਾ ਹੀ, ਸਰਕਾਰ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪਵੇਗਾ। ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਪਿਛਲੇ ਸਾਲ ਦੇ ਅੰਤ 'ਚ ਪ੍ਰੀਪੇਡ ਟੈਰਿਫ 14-33 ਫੀਸਦੀ ਵਧਾਇਆ ਸੀ। ਇਹ ਤਿੰਨ ਸਾਲਾਂ 'ਚ ਪਹਿਲਾ ਵਾਧਾ ਸੀ। ਵਿਸ਼ਲੇਸ਼ਕਾਂ ਮੁਤਾਬਕ, ਭਾਰਤ 'ਚ ਮੋਬਾਇਲ ਟੈਰਿਫ ਯੂ. ਐੱਸ., ਬ੍ਰਿਟੇਨ, ਸਿੰਗਾਪੁਰ, ਚੀਨ, ਫਿਲਪੀਂਸ, ਜਾਪਾਨ ਤੇ ਆਸਟ੍ਰੇਲੀਆ ਨਾਲੋਂ ਹੁਣ ਵੀ ਸਸਤਾ ਹੈ। ਟੈਲੀਕਾਮ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟੈਰਿਫ 'ਚ ਅਗਲਾ ਵਾਧਾ ਵੋਡਾਫੋਨ ਆਈਡੀਆ ਦੇ ਬਾਜ਼ਾਰ 'ਚ ਬਰਕਰਾਰ ਰਹਿਣ 'ਤੇ ਨਿਰਭਰ ਕਰਦਾ ਹੈ। ਵੋਡਾਫੋਨ-ਆਈਡੀਆ ਨੂੰ ਜੇਕਰ ਬਕਾਇਆ ਰਕਮ 'ਤੇ ਸਰਕਾਰ ਵੱਲੋਂ ਰਾਹਤ ਨਾ ਮਿਲੀ ਤਾਂ ਇਸ ਦੀ ਮੁਸ਼ਕਲ ਵੱਧ ਜਾਵੇਗੀ ਤੇ ਇਸ ਨੂੰ ਜਲਦ ਟੈਰਿਫ ਦਰਾਂ 'ਚ ਵਾਧਾ ਕਰਨਾ ਪਵੇਗਾ।


Related News