Zee-ਸੋਨੀ ਰਲੇਵਾਂ ਮਾਮਲਾ: ਸਿੰਗਾਪੁਰ ਆਰਬਿਟਰੇਸ਼ਨ ਸੈਂਟਰ ਦੇ ਫ਼ੈਸਲੇ ''ਤੇ ਸੋਨੀ ਨੇ ਪ੍ਰਗਟਾਈ ਨਿਰਾਸ਼ਾ

Monday, Feb 05, 2024 - 04:01 PM (IST)

Zee-ਸੋਨੀ ਰਲੇਵਾਂ ਮਾਮਲਾ: ਸਿੰਗਾਪੁਰ ਆਰਬਿਟਰੇਸ਼ਨ ਸੈਂਟਰ ਦੇ ਫ਼ੈਸਲੇ ''ਤੇ ਸੋਨੀ ਨੇ ਪ੍ਰਗਟਾਈ ਨਿਰਾਸ਼ਾ

ਨਵੀਂ ਦਿੱਲੀ (ਭਾਸ਼ਾ) - ਸੋਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਿੰਗਾਪੁਰ ਆਰਬਿਟਰੇਸ਼ਨ ਸੈਂਟਰ (SIAC) ਦੇ ਫ਼ੈਸਲੇ ਤੋਂ "ਨਿਰਾਸ਼" ਹੈ। ਸਿੰਗਾਪੁਰ ਆਰਬਿਟਰੇਸ਼ਨ ਸੈਂਟਰ (SIAC) ਨੇ ਜ਼ੀ ਨੂੰ NCLT ਕੋਲ ਜਾਣ ਤੋਂ ਰੋਕਣ ਦੀ ਸੋਨੀ ਦੀ ਬੇਨਤੀ ਨੂੰ ਐਤਵਾਰ ਨੂੰ ਰੱਦ ਕਰ ਦਿੱਤਾ ਸੀ। ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ (ZEEL) ਅਤੇ ਜਾਪਾਨ ਦੇ ਸੋਨੀ ਗਰੁੱਪ ਦੀ ਭਾਰਤੀ ਇਕਾਈ ਵਿਚਕਾਰ ਰਲੇਵੇਂ ਲਈ ਇਕ ਸਮਝੌਤਾ ਹੋਇਆ ਸੀ, ਜਿਸ ਨੂੰ ਸੋਨੀ ਨੇ ਦੇਰੀ ਅਤੇ ਕੁਝ ਹੋਰ ਕਾਰਨਾਂ ਕਰਕੇ ਖ਼ਤਮ ਕਰ ਦਿੱਤਾ ਸੀ। 

ਸੋਨੀ ਨੇ ਦੋਸ਼ ਲਾਇਆ ਕਿ ਜੀਲ ਨੇ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ZEEL ਨੇ ਇਸ ਫ਼ੈਸਲੇ ਖ਼ਿਲਾਫ਼ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) 'ਚ ਪਟੀਸ਼ਨ ਦਾਇਰ ਕੀਤੀ ਹੈ। ਸੋਨੀ ਪਿਕਚਰਜ਼ ਐਂਟਰਟੇਨਮੈਂਟ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ (ਹੁਣ ਕਲਵਰ ਮੈਕਸ) ਦੇ ਰਲੇਵੇਂ ਦੇ ਸਮਝੌਤੇ ਨੂੰ ਖ਼ਤਮ ਕਰਨ ਅਤੇ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਲਿਮਿਟੇਡ (ZEEL) ਤੋਂ ਹਰਜਾਨੇ ਦੀ ਮੰਗ ਕਰਨ ਦੇ ਅਧਿਕਾਰ 'ਤੇ ਭਰੋਸਾ ਰੱਖਦੀ ਹੈ।

ਬਿਆਨ ਦੇ ਅਨੁਸਾਰ, “ਅਸੀਂ ਸਿੰਗਾਪੁਰ ਆਰਬਿਟਰੇਸ਼ਨ ਸੈਂਟਰ (SIAC) ਦੇ ਫ਼ੈਸਲੇ ਤੋਂ ਨਿਰਾਸ਼ ਹਾਂ। ਇਹ ਫ਼ੈਸਲਾ ਪ੍ਰਕਿਰਿਆ ਦਾ ਹਿੱਸਾ ਹੈ। ਇਸ ਵਿਚ ਸਿਰਫ਼ ਇਸ ਗੱਲ 'ਤੇ ਫ਼ੈਸਲਾ ਕੀਤਾ ਗਿਆ ਹੈ ਕਿ ਜ਼ੀ ਐਂਟਰਟੇਨਮੈਂਟ ਨੂੰ NCLT ਕੋਲ ਆਪਣੀ ਅਰਜ਼ੀ 'ਤੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ।''

ਜ਼ੀਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਸੀ ਕਿ SIAC ਨੇ ਇਕ ਐਮਰਜੈਂਸੀ ਆਰਬਿਟਰੇਸ਼ਨ ਫ਼ੈਸਲੇ 'ਤੇ ਰੋਕ ਲਗਾਉਣ ਦੀ Culver Max ਅਤੇ BEPL (Bangla Entertainment Pvt Ltd) ਦੀ ਪਟੀਸ਼ਨ ਨੂੰ ਖਾਰਿਜ਼ ਕਰਦੇ ਹੋਏ ਉਨ੍ਹਾਂ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। SIAC ਨੇ 4 ਫਰਵਰੀ ਦੇ ਆਪਣੇ ਹੁਕਮ ਵਿੱਚ ਕਿਹਾ ਕਿ ਉਸ ਕੋਲ ਅਜਿਹਾ ਹੁਕਮ ਦੇਣ ਦਾ ਅਧਿਕਾਰ ਖੇਤਰ ਨਹੀਂ ਹੈ। ਜੀਲ ਨੇ ਕਿਹਾ ਕਿ ਹੁਣ ਐੱਨਸੀਐੱਲਟੀ ਨੇ ਇਸ ਸਬੰਧ ਵਿੱਚ ਫ਼ੈਸਲਾ ਲੈਣਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਐਨਸੀਐਲਟੀ ਰਲੇਵੇਂ ਦੀ ਯੋਜਨਾ ਨੂੰ ਲਾਗੂ ਕਰੇਗੀ।


author

rajwinder kaur

Content Editor

Related News