ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ

Tuesday, Mar 21, 2023 - 10:27 AM (IST)

ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ

ਨਵੀਂ ਦਿੱਲੀ- ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਮੁੱਖ ਉਤਪਾਦਕ ਸੂਬਿਆਂ 'ਚ ਬੇਮੌਸਮ ਬਾਰਿਸ਼ ਅਤੇ ਗੜੇਮਾਰੀ ਕਾਰਨ ਖੜ੍ਹੀ ਕਣਕ ਦੀ ਫਸਲ ਨੂੰ ਕੁਝ ਨੁਕਸਾਨ ਹੋਇਆ ਹੈ, ਪਰ ਉਸ ਨੂੰ ਅਜੇ ਤੱਕ ਜ਼ਮੀਨੀ ਹਕੀਕਤ ਦੇ ਬਾਰੇ ਸੂਬਾ ਸਰਕਾਰਾਂ ਤੋਂ ਰਿਪੋਰਟ ਨਹੀਂ ਮਿਲੀ ਹੈ।
ਸਰ੍ਹੋਂ ਅਤੇ ਛੋਲਿਆਂ ਦੀ ਫ਼ਸਲ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਸ ਦੀ ਜ਼ਿਆਦਾਤਰ ਫ਼ਸਲ ਦੀ ਕਟਾਈ ਹੋ ਚੁੱਕੀ ਹੈ। ਬਾਗਬਾਨੀ ਫਸਲਾਂ ਦੇ ਮਾਮਲੇ 'ਚ ਸਥਾਨਕ ਗੜੇਮਾਰੀ ਕੇਲੇ ਅਤੇ ਆਲੂ ਵਰਗੀਆਂ ਕੁਝ ਫਸਲਾਂ  'ਤੇ ਅਸਰ ਪੈ ਸਕਦਾ ਹੈ।
ਪਿਛਲੇ ਦੋ ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆਂ 'ਚ ਬੇਮੌਸਮੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕਣਕ ਮੁੱਖ ਹਾੜ੍ਹੀ ਦੀ ਫ਼ਸਲ ਹੈ, ਜਿਸ ਦੀ ਕਟਾਈ ਦੇਸ਼ ਦੇ ਕੁਝ ਹਿੱਸਿਆਂ 'ਚ ਸ਼ੁਰੂ ਹੋ ਗਈ ਹੈ। ਸਰ੍ਹੋਂ ਅਤੇ ਛੋਲੇ ਹਾੜ੍ਹੀ ਦੀਆਂ ਹੋਰ ਪ੍ਰਮੁੱਖ ਫ਼ਸਲਾਂ ਹਨ। ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ਲਈ 112.2 ਮਿਲੀਅਨ ਟਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਪੀਟੀਆਈ ਨੂੰ ਦੱਸਿਆ, “ਕੁਝ ਨੁਕਸਾਨ ਹੋਇਆ ਹੈ। ਸਾਨੂੰ ਰਾਜ ਸਰਕਾਰਾਂ ਤੋਂ ਨੁਕਸਾਨ ਦੇ ਮੁਲਾਂਕਣ ਦੀਆਂ ਰਿਪੋਰਟਾਂ ਪ੍ਰਾਪਤ ਨਹੀਂ ਹੋਈਆਂ ਹਨ।"

ਇਹ ਵੀ ਪੜ੍ਹੋ- ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਰਾਜ ਆਫ਼ਤ ਰਾਹਤ ਫੰਡ (ਐੱਸ.ਡੀ.ਆਰ.ਐੱਫ.) ਤਹਿਤ ਫੰਡਾਂ ਦੀ ਵਰਤੋਂ ਕਰ ਰਹੀਆਂ ਹਨ। ਜੇਕਰ ਸੂਬਾ ਸਰਕਾਰਾਂ ਨੁਕਸਾਨ ਦੀ ਹੱਦ ਦਾ ਮੁਲਾਂਕਣ ਕਰਨ ਤੋਂ ਬਾਅਦ ਰਿਪੋਰਟ ਪੇਸ਼ ਕਰਦੀਆਂ ਹਨ ਤਾਂ ਕੇਂਦਰ ਸਰਕਾਰ ਰਾਸ਼ਟਰੀ ਆਫ਼ਤ ਰਾਹਤ ਫੰਡ (ਐੱਨ.ਡੀ.ਆਰ.ਐੱਫ) ਦੇ ਤਹਿਤ ਮੁਆਵਜ਼ਾ ਪ੍ਰਦਾਨ ਕਰੇਗੀ।
ਖੇਤੀਬਾੜੀ ਕਮਿਸ਼ਨਰ ਪੀ.ਕੇ. ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਕਣਕ ਉਤਪਾਦਕ ਸੂਬਿਆਂ 'ਚ ਪਿਛਲੇ ਦੋ ਦਿਨਾਂ 'ਚ ਬੇਮੌਸਮੀ ਬਾਰਸ਼ ਹੋਈ ਹੈ।
ਕੁਝ ਹਿੱਸਿਆਂ 'ਚ ਘੱਟ ਬਾਰਸ਼ ਹੋਈ ਹੈ ਅਤੇ ਇਸ ਨਾਲ ਫਸਲ ਨੂੰ ਫ਼ਾਇਦਾ ਹੋਵੇਗਾ। ਹਾਲਾਂਕਿ ਦੋ ਲੱਖ ਹੈਕਟੇਅਰ ਦੇ ਖੇਤਰ 'ਚ ਭਾਰੀ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, "ਨੁਕਸਾਨ ਦਾ ਮੁਲਾਂਕਣ ਸੂਬਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ, ਜੋ ਅਗਲੇ 2-3 ਦਿਨਾਂ 'ਚ ਆਪਣੀਆਂ ਰਿਪੋਰਟਾਂ ਸੌਂਪਣਗੇ।"

ਇਹ ਵੀ ਪੜ੍ਹੋ- ਪਾਕਿਸਤਾਨ :  ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ

ਸਿੰਘ ਨੇ ਕਿਹਾ ਕਿ ਭਾਵੇਂ ਦੋ ਲੱਖ ਹੈਕਟੇਅਰ ਕਣਕ ਦੇ ਰਕਬੇ 'ਚ ਕੁਝ ਫ਼ੀਸਦੀ ਨੁਕਸਾਨ ਹੁੰਦਾ ਹੈ ਪਰ ਚਾਲੂ ਸਾਲ ਦੇ ਕੁੱਲ 343.2 ਲੱਖ ਹੈਕਟੇਅਰ ਕਣਕ ਦੇ ਰਕਬੇ ਨੂੰ ਦੇਖਦੇ ਹੋਏ ਇਸ ਦਾ ਸ਼ਾਇਦ ਹੀ ਕੋਈ ਮਾੜਾ ਪ੍ਰਭਾਵ ਪਵੇਗਾ।
ਸਰ੍ਹੋਂ ਅਤੇ ਛੋਲਿਆਂ ਦੀ ਫ਼ਸਲ ਦੇ ਮਾਮਲੇ 'ਚ ਇਨ੍ਹਾਂ 'ਚੋਂ ਬਹੁਤੀਆਂ ਫ਼ਸਲਾਂ ਦੀ ਕਟਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਖੇਤਰਾਂ 'ਚ ਸਰ੍ਹੋਂ ਦੀ ਵਾਢੀ ਹੋਣੀ ਬਾਕੀ ਹੈ। ਸਿੰਘ ਨੇ ਕਿਹਾ ਕਿ ਸਥਾਨਕ ਗੜੇਮਾਰੀ ਵਾਲੇ ਖੇਤਰਾਂ 'ਚ ਕੁਝ ਬਾਗਬਾਨੀ ਫਸਲਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਉਦਾਹਰਣ ਲਈ ਕੇਲਾ ਅਤੇ ਆਲੂ ਵਰਗੀਆਂ ਫਸਲਾਂ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News