ਸੁਸਤ ਪਈ GDP ਦੀ ਰਫਤਾਰ, 5.4 ਫੀਸਦੀ ਰਹੀ ਦੇਸ਼ ਦੀ ਇਕਨੋਮਿਕ ਗ੍ਰੋਥ
Saturday, Nov 30, 2024 - 11:37 AM (IST)
ਨਵੀਂ ਦਿੱਲੀ (ਭਾਸ਼ਾ) – ਮਾਲੀ ਸਾਲ 2024-25 ਦੀ ਦੂਜੀ ਤਿਮਾਹੀ ਦੇ ਜੀ. ਡੀ. ਪੀ. ਗ੍ਰੋਥ ਦੇ ਅੰਕੜੇ ਆ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੂਜੀ ਤਿਮਾਹੀ ’ਚ ਭਾਰਤ ਦੀ ਇਕਨੋਮਿਕ ਗ੍ਰੋਥ ਘਟ ਕੇ 5.4 ਫੀਸਦੀ ਰਹਿ ਗਈ।
ਪਿਛਲੇ ਮਾਲੀ ਸਾਲ 2023-24 ਦੀ ਦੂਜੀ ਤਿਮਾਹੀ ’ਚ ਭਾਰਤ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) 8.1 ਫੀਸਦੀ ਰਹੀ ਸੀ। ਇੰਨਾ ਹੀ ਨਹੀਂ ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ’ਚ ਦੇਸ਼ ਦੀ ਜੀ. ਡੀ. ਪੀ. 6.7 ਫੀਸਦੀ ਰਹੀ ਸੀ।
ਦੱਸ ਦੇਈਏ ਕਿ ਆਰਥਿਕ ਦਿੱਗਜ਼ਾਂ ਨੇ ਪਹਿਲਾਂ ਹੀ ਦੇਸ਼ ਦੀ ਇਕਨੋਮਿਕ ਗ੍ਰੋਥ ’ਚ ਸੁਸਤੀ ਦਾ ਅੰਦਾਜ਼ਾ ਲਗਾ ਲਿਆ ਸੀ। ਉਨ੍ਹਾਂ ਨੇ ਕਮਜ਼ੋਰ ਖਪਤ, ਘੱਟ ਸਰਕਾਰੀ ਖਰਚ ਅਤੇ ਮੁੱਖ ਇੰਡਸਟ੍ਰੀਜ਼ ’ਤੇ ਮਾੜੇ ਮੌਸਮ ਦੇ ਪ੍ਰਭਾਵ ਨੂੰ ਜੀ. ਡੀ. ਪੀ. ਗ੍ਰੋਥ ’ਚ ਸੁਸਤੀ ਦਾ ਜ਼ਿੰਮੇਵਾਰ ਠਹਿਰਾਇਆ ਸੀ। ਦੇਸ਼ ਦੇ ਅਰਥਸ਼ਾਸਤਰੀਆਂ ਦੇ ਇਕ ਸਰਵੇ ’ਚ ਜੀ. ਡੀ. ਪੀ. ਗ੍ਰੋਥ 6.5 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਸੀ।
ਮੈਨੂਫੈਕਚਰਿੰਗ ਸੈਕਟਰ ਦੇ ਗ੍ਰੋਥ ਰੇਟ ’ਚ ਜ਼ਬਰਦਸਤ ਗਿਰਾਵਟ
ਇਕਨੋਮਿਕ ਐਕਟੀਵਿਟੀ ਦਾ ਇਕ ਮੁੱਖ ਮਾਪ, ਰੀਅਲ ਗ੍ਰਾਸ ਵੈਲਿਊ ਐਡਿਡ (ਜੀ. ਵੀ. ਏ.) ਮਾਲੀ ਸਾਲ 2025 ਦੀ ਦੂਜੀ ਤਿਮਾਹੀ ’ਚ 5.6 ਫੀਸਦੀ ਦੀ ਰਫਤਾਰ ਨਾਲ ਵਧਿਆ, ਜੋ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ 7.7 ਫੀਸਦੀ ਤੋਂ ਕਾਫੀ ਘੱਟ ਹੈ।
ਮਾਲੀ ਸਾਲ 2025 ਦੀ ਦੂਜੀ ਤਿਮਾਹੀ ’ਚ ਮੈਨੂਫੈਕਚਰਿੰਗ ਸੈਕਟਰ ’ਚ 2.2 ਫੀਸਦੀ ਦੀ ਬੇਹੱਦ ਹੌਲੀ ਗ੍ਰੋਥ ਦਰਜ ਕੀਤੀ ਗਈ ਜਦਕਿ ਪਿਛਲੇ ਸਾਲ ਦੀ ਦੂਜੀ ਤਿਮਾਹੀ ’ਚ ਮੈਨੂਫੈਕਚਰਿੰਗ ਸੈਕਟਰ ਨੇ 14.3 ਫੀਸਦੀ ਦੀ ਰਫਤਾਰ ਨਾਲ ਗ੍ਰੋ ਕੀਤਾ ਸੀ। ਮਾਈਨਿੰਗ ਸੈਕਟਰ ਦੀ ਗ੍ਰੋਥ ਵੀ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ 11.1 ਫੀਸਦੀ ਦੇ ਮੁਕਾਬਲੇ ਘਟ ਕੇ -0.1 ਫੀਸਦੀ ’ਤੇ ਆ ਗਈ।
ਖੇਤੀ ਅਤੇ ਸੇਵਾਵਾਂ ਨਾਲ ਜੁੜੇ ਸੈਕਟਰ ਤੋਂ ਆਏ ਬਿਹਤਰ ਨਤੀਜੇ
ਇਸ ਤੋਂ ਇਲਾਵਾ ਖੇਤੀ ਅਤੇ ਇਸ ਨਾਲ ਜੁੜੇ ਸੈਕਟਰਾਂ ਨੇ ਮਾਲੀ ਸਾਲ 2024-25 ਦੀ ਦੂਜੀ ਤਿਮਾਹੀ ’ਚ 3.5 ਫੀਸਦੀ ਦਾ ਗ੍ਰੋਥ ਰੇਟ ਦਰਜ ਕਰਦੇ ਹੋਏ ਵਾਪਸੀ ਕੀਤੀ ਹੈ ਜਦਕਿ ਪਿਛਲੀਆਂ 4 ਤਿਮਾਹੀਆਂ ਦੌਰਾਨ ਇਸ ਚ 0.4 ਤੋਂ 2.0 ਫੀਸਦੀ ਤੱਕ ਦੀ ਗ੍ਰੋਥ ਦਰਜ ਕੀਤੀ ਗਈ ਸੀ।
ਕੰਸਟ੍ਰਕਸ਼ਨ ਸੈਕਟਰ ’ਚ ਸਟੀਲ ਦੀ ਨਿਰੰਤਰ ਘਰੇਲੂ ਖਪਤ ਦੇ ਨਤੀਜੇ ਵਜੋਂ ਮਾਲੀ ਸਾਲ 2024-25 ਦੀ ਦੂਜੀ ਤਿਮਾਹੀ ’ਚ ਇਹ 7.7 ਫੀਸਦੀ ਰਹੀ।
ਸੇਵਾਵਾਂ ਨਾਲ ਜੁੜੇ ਸੈਕਟਰ ’ਚ ਮਾਲੀ ਸਾਲ 2024-25 ਦੀ ਦੂਜੀ ਤਿਮਾਹੀ ਦੌਰਾਨ 7.1 ਫੀਸਦੀ ਦੀ ਗ੍ਰੋਥ ਰੇਟ ਦੇਖੀ ਗਈ ਹੈ ਜਦਕਿ ਪਿਛਲੇ ਮਾਲੀ ਸਾਲ ਦੀ ਦੂਜੀ ਤਿਮਾਹੀ ’ਚ ਇਹ 6.0 ਫੀਸਦੀ ਸੀ।
ਕਿਵੇਂ ਰਹੇ ਵਿੱਤੀ ਘਾਟੇ ਦੇ ਅੰਕੜੇ
ਕੇਂਦਰ ਦਾ ਵਿੱਤੀ ਘਾਟਾ ਮਾਲੀ ਸਾਲ 2024-25 ਦੇ ਪਹਿਲੇ 7 ਮਹੀਨਿਆਂ ’ਚ ਪੂਰੇ ਸਾਲ ਦੇ ਟੀਚੇ ਦੇ 46.5 ਫੀਸਦੀ ਤੱਕ ਪਹੁੰਚ ਗਿਆ। ਲੇਖਾ ਕੰਟ੍ਰੋਲਰ ਜਨਰਲ (ਸੀ. ਜੀ. ਏ.) ਦੇ ਅੰਕੜਿਆਂ ਅਨੁਸਾਰ ਅਪ੍ਰੈਲ-ਅਕਤੂਬਰ 2024 ਦੀ ਮਿਆਦ ਦੌਰਾਨ ਵਿੱਤੀ ਘਾਟਾ 7,50,824 ਕਰੋੜ ਰੁਪਏ ਸੀ। ਸਰਕਾਰ ਦੇ ਖਰਚੇ ਅਤੇ ਮਾਲੀਏ ਵਿਚਾਲੇ ਦੇ ਫਰਕ ਨੂੰ ਵਿੱਤੀ ਘਾਟਾ ਕਹਿੰਦੇ ਹਨ।
ਮਾਲੀ ਸਾਲ 2023-24 ਦੀ ਇਸੇ ਮਿਆਦ ’ਚ ਵਿੱਤੀ ਘਾਟਾ ਬਜਟ ਅਨੁਮਾਨ ਦਾ 45 ਫੀਸਦੀ ਸੀ।
ਮੁੱਖ ਬੁਨਿਆਦੀ ਉਦਯੋਗਾਂ ਦਾ ਵਾਧਾ ਘਟ ਕੇ 3.1 ਫੀਸਦੀ ’ਤੇ ਆਇਆ
8 ਮੁੱਖ ਬੁਨਿਆਦੀ ਉਦਯੋਗਾਂ ਦਾ ਉਤਪਾਦਨ ਅਕਤੂਬਰ 2024 ’ਚ ਘਟ ਕੇ 3.1 ਫੀਸਦੀ ਰਿਹਾ। ਪਿਛਲੇ ਸਾਲ ਦੇ ਇਸੇ ਮਹੀਨੇ ’ਚ ਇਹ 12.7 ਫੀਸਦੀ ਸੀ। ਅਕਤੂਬਰ 2024 ਦੀ ਵਾਧਾ ਦਰ ਹਾਲਾਂਕਿ ਇਸ ਨਾਲੋਂ ਪਿਛਲੇ ਮਹੀਨੇ ਸਤੰਬਰ 2024 ’ਚ ਦਰਜ 2.4 ਫੀਸਦੀ ਦੇ ਮੁਕਾਬਲੇ ਵੱਧ ਹੈ। ਅਕਤੂਬਰ ’ਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਉਤਪਾਦਨ ’ਚ ਕਮੀ ਆਈ ਹੈ।
ਕੋਲਾ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਦੇ ਉਤਪਾਦਨ ’ਚ ਵਾਧਾ ਕ੍ਰਮਵਾਰ 7.8 ਫੀਸਦੀ, 0.4 ਫੀਸਦੀ, 4.2 ਫੀਸਦੀ ਅਤੇ 0.6 ਫੀਸਦੀ ਰਿਹਾ। ਸਮੀਖਿਆ ਅਧੀਨ ਮਹੀਨੇ ’ਚ ਰਿਫਾਈਨਰੀ ਉਤਪਾਦਾਂ ਦਾ ਉਤਪਾਦਨ ਵਧ ਕੇ 5.2 ਫੀਸਦੀ ਹੋ ਗਿਆ। ਚਾਲੂ ਮਾਲੀ ਸਾਲ ’ਚ ਅਪ੍ਰੈਲ-ਅਕਤੂਬਰ ਦੌਰਾਨ ਮੁੱਖ ਬੁਨਿਆਦੀ ਢਾਂਚਾ ਖੇਤਰਾਂ (ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ) ਦੀ ਵਾਧਾ ਦਰ 4.1 ਫੀਸਦੀ ਰਹੀ। ਇਹ 8 ਮੁੱਖ ਬੁਨਿਆਦੀ ਢਾਂਚਾ ਖੇਤਰ ਉਦਯੋਗਿਕ ਉਤਪਾਦਨ ਸੂਚਕਅੰਕ (ਆਈ. ਆਈ. ਪੀ.) ’ਚ 40.27 ਫੀਸਦੀ ਦਾ ਯੋਗਦਾਨ ਕਰਦੇ ਹਨ।
------------------