ਸਕੌਡਾ ਫਾਕਸਵੈਗਨ ਨੂੰ ਧੋਖਾਧੜੀ ਦੇ ਦੋਸ਼ ''ਚ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ
Thursday, Nov 26, 2020 - 03:51 PM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਵੀਰਵਾਰ ਨੂੰ ਜਰਮਨ ਕਾਰ ਨਿਰਮਾਤਾ ਸਕੌਡਾ ਆਟੋ ਫਾਕਸਸਵੈਗਨ ਇੰਡੀਆ ਦੀ ਉਸ ਪਟੀਸ਼ਨ ਦੀ ਰੱਦ ਕਰ ਦਿੱਤਾ, ਜਿਸ ਵਿਚ ਇਕ ਉਪਭੋਗਤਾ ਵਲੋਂ ਉਸ ਦੀ ਕਾਰ 'ਚ ਕਥਿਤ ਰੂਪ ਨਾਲ 'ਧੋਖਾ ਦੇਣ ਵਾਲੇ ਉਪਕਰਣ' ਦੇ ਇਸਤੇਮਾਲ 'ਤੇ ਉੱਤਰ ਪ੍ਰਦੇਸ਼ 'ਚ ਦਰਜ ਐਫ.ਆਈ.ਆਰ ਨੂੰ ਚੁਣੌਤੀ ਦਿੱਤੀ ਗਈ ਸੀ। ਚੀਫ਼ ਜਸਟਿਸ ਐਸ.ਏ. ਬੋਬੜੇ ਅਤੇ ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ. ਰਾਮਸੂਬ੍ਰਾਮਣੀਅਨ ਦੇ ਬੈਂਚ ਨੇ ਆਟੋਮੋਬਾਈਲ ਨਿਰਮਾਤਾ ਕੰਪਨੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਇਸ ਤੋਂ ਪਹਿਲਾਂ 4 ਨਵੰਬਰ ਨੂੰ ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਕਿ ਇਸ ਕੇਸ ਦੀ ਜਾਂਚ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ। ਸੁਣਵਾਈ ਦੇ ਦੌਰਾਨ ਵਾਹਨ ਨਿਰਮਾਤਾ ਨੇ ਦਲੀਲ ਦਿੱਤੀ ਕਿ ਇਸ ਦੀ ਸ਼ਿਕਾਇਤ ਦਸੰਬਰ 2015 ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਕੀਤੀ ਗਈ ਸੀ ਅਤੇ ਮਾਰਚ 2019 ਵਿਚ ਜੁਰਮਾਨਾ ਲਗਾਇਆ ਗਿਆ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਸੀ। ਇਸ ਸਬੰਧ ਵਿਚ ਉੱਤਰ ਪ੍ਰਦੇਸ਼ ਵਿਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ ਨੂੰ ਰੱਦ ਕਰਵਾਉਣ ਲਈ ਕੰਪਨੀ ਨੇ ਅਲਾਹਾਬਾਦ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਸਕੋਡਾ ਦੀ ਪਟੀਸ਼ਨ ਹਾਈ ਕੋਰਟ ਨੇ ਰੱਦ ਕਰਦੇ ਹੋਏ ਉਪਭੋਗਤਾ ਦੀ ਐਫ.ਆਈ.ਆਰ. ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਕੰਪਨੀ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ, ਜਿੱਥੇ ਇਸ ਨੂੰ ਕੋਈ ਰਾਹਤ ਨਹੀਂ ਮਿਲ ਸਕੀ।