ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ

03/11/2023 11:07:38 AM

ਮੁੰਬਈ- ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਅੱਜ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦਾ ਇਕ ਵੱਡਾ ਕਾਰਣ ਅਮਰੀਕਾ ਦੇ ਸਿਲੀਕਾਨ ਵੈੱਲੀ ਬੈਂਕ (ਐੱਸ. ਵੀ. ਬੀ.) ਦੀ ਪੇਰੈਂਟ ਕੰਪਨੀ ਐੱਸ. ਵੀ. ਬੀ. ਫਾਈਨੈਂਸ਼ੀਅਲ ਗਰੁੱਪ ਦੇ ਸ਼ੇਅਰਾਂ ’ਚ ਆਈ ਭਾਰੀ ਗਿਰਾਵਟ ਹੈ। ਇਹ ਬੈਂਕ ਖਾਸ ਕਰ ਕੇ ਟੈੱਕ ਸਟਾਰਟਅਪ ਨੂੰ ਲੋਨ ਦਿੰਦਾ ਹੈ। ਇਸ ਦਾ ਹੈੱਡਕੁਆਰਟਰ ਕੈਲੀਫੋਰਨੀਆ ਦੇ ਸਾਂਟਾ ਕਲਾਰਾ ’ਚ ਹੈ। ਬੈਂਕ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ 2.25 ਅਰਬ ਡਾਲਰ ਦੇ ਸ਼ੇਅਰ ਵੇਚ ਰਿਹਾ ਹੈ। ਉਸ ਦੇ ਪੋਰਟਫੋਲੀਓ ਨੂੰ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ’ਚ ਯੂ. ਐੱਸ. ਟ੍ਰੇਜਰੀਜ਼ ਅਤੇ ਮਾਰਟਗੇਜ਼ ਬੈਂਕਡ ਸਕਿਓਰਿਟੀਜ਼ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ

ਇਸ ਤੋਂ ਬਾਅਦ ਵੀਰਵਾਰ ਨੂੰ ਇਸ ਬੈਂਕ ਦੇ ਸ਼ੇਅਰਾਂ ’ਚ 60.41 ਫੀਸਦੀ ਗਿਰਾਵਟ ਆਈ। ਇਸ ਨਾਲ ਇਕ ਝਟਕੇ ’ਚ ਬੈਂਕ ਦਾ 80 ਅਰਬ ਡਾਲਰ ਤੋਂ ਵੱਧ ਮਾਰਕੀਟ ਕੈਪ ਸਵਾਹਾ ਹੋ ਗਿਆ। ਇਹ ਮੁੱਦਾ ਅਮਰੀਕਾ ਤੱਕ ਹੀ ਸੀਮਤ ਹੈ ਪਰ ਇਸ ਦਾ ਅਸਰ ਦੁਨੀਆ ਭਰ ਦੇ ਬਾਜ਼ਾਰਾਂ ’ਤੇ ਦੇਖਿਆ ਜਾ ਰਿਹਾ ਹੈ। ਇਸ ਨਾਲ ਬੈਂਚਮਾਰਕ ਕੇ. ਬੀ. ਡਬਲਯੂ. ਬੈਂਕ ਇੰਡੈਕਸ ’ਚ 8.1 ਫੀਸਦੀ ਗਿਰਾਵਟ ਆਈ। ਇਹ ਜੂਨ 2020 ਤੋਂ ਬਾਅਦ ਇਸ ਇੰਡੈਕਸ ’ਚ ਇਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਹੈ। ਭਾਰਤ ’ਚ ਵੀ ਅੱਜ ਬੈਂਕ ਸ਼ੇਅਰਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਭਾਰਤੀ ਬਾਜ਼ਾਰ ’ਤੇ ਅਸਰ
ਸ਼ੇਅਰ ਬਾਜ਼ਾਰ ’ਚ ਅੱਜ ਦਾ ਦਿਨ ਬਲੈਕ ਫ੍ਰਾਈਡੇ ਸਾਬਤ ਹੋਇਆ। ਅਮਰੀਕਾ ਤੋਂ ਆਈ ਗਿਰਾਵਟ ਦੀ ਹਨ੍ਹੇਰੀ ਨਾਲ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਅੱਜ ਸਵੇਰੇ ਤੂਫਾਨ ਆ ਗਿਆ। ਅੱਜ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਡਿਗ ਗਏ। ਇਕ ਸਮੇਂ ਬਾਜ਼ਾਰ ’ਚ 1000 ਅੰਕ ਤੋਂ ਵੱਧ ਦੀ ਗਿਰਾਵਟ ਆ ਗਈ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 671.15 ਅੰਕ ਟੁੱਟ ਕੇ 59,135.13 ਅੰਕ ’ਤੇ ਆ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 176.70 ਅੰਕ ਦੀ ਗਿਰਾਵਟ ਲੈ ਕੇ 17412.90 ਅੰਕ ’ਤੇ ਆ ਗਿਆ। ਇਸ ਤਰ੍ਹਾਂ ਸੈਂਸੈਕਸ ਦੀਆਂ ਦਰਮਿਆਨੀਆਂ ਅਤੇ ਛੋਟੀਆਂ ਕੰਪਨੀਆਂ ’ਚ ਵੀ ਵਿਕਰੀ ਦਾ ਦਬਾਅ ਰਿਹਾ।

ਇਹ ਵੀ ਪੜ੍ਹੋ- ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ
ਐੱਸ. ਵੀ. ਬੀ. ਦਾ ਬਿਜ਼ਨੈੱਸ
ਬਲੂਮਬਰਗ ਨਿਊਜ਼ ਮੁਤਾਬਕ ਐੱਸ. ਵੀ. ਬੀ. ਦਾ ਅੱਧਾ ਬਿਜ਼ਨੈੱਸ ਯੂ. ਐੱਸ. ਵੈਂਚਰ ਕੈਪੀਟਲ ਦੇ ਨਿਵੇਸ਼ ਵਾਲੀਆਂ ਸਟਾਰਟਅਪ ਕੰਪਨੀਆਂ ਦੇ ਨਾਲ ਹੈ। ਬੈਂਕ ਦਾ 44 ਫੀਸਦੀ ਬਿਜ਼ਨੈੱਸ ਯੂ. ਐੱਸ. ਵੈਂਚਰ ਦੇ ਨਿਵੇਸ਼ ਵਾਲੀ ਤਕਨਾਲੋਜੀ ਅਤੇ ਹੈਲਥਕੇਅਰ ਕੰਪਨੀਆਂ ਨਾਲ ਹੈ। ਵਿਆਜ ਦਰ ’ਚ ਵਾਧੇ ਨਾਲ ਇਨ੍ਹਾਂ ਸੈਕਟਰਸ ’ਤੇ ਬੁਰਾ ਅਸਰ ਪਿਆ ਹੈ ਅਤੇ ਕੰਪਨੀਆਂ ਦੇ ਸਾਹਮਣੇ ਕੈਸ਼ ਦਾ ਸੰਕਟ ਖੜ੍ਹਾ ਹੋ ਗਿਆ ਹੈ। ਐੱਸ. ਵੀ. ਬੀ. ਦੇ ਸੀ. ਈ. ਓ. ਗ੍ਰੇਗ ਬੇਕਰ ਨੇ ਬੁੱਧਵਾਰ ਨੂੰ ਲਿਖੀ ਇਕ ਚਿੱਠੀ ’ਚ ਕਿਹਾ ਕਿ ਉੱਚੀਆਂ ਵਿਆਜ ਦਰਾਂ ਦੇ ਅੱਗੇ ਵੀ ਬਣੇ ਰਹਿਣ ਦਾ ਖਦਸ਼ਾ ਹੈ। ਇਸ ਨਾਲ ਸਾਡੇ ਕਲਾਈਂਟਸ ਦੇ ਸਾਹਮਣੇ ਕੈਸ਼ ਦੀ ਦਿੱਕਤ ਹੋਵੇਗੀ, ਇਸ ਲਈ ਅਸੀਂ ਸ਼ੇਅਰ ਵੇਚਣ ਦਾ ਫੈਸਲਾ ਕੀਤਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News