ਈ-ਕਾਮਰਸ ਕੰਪਨੀਆਂ ਦੀ ਭਾਰੀ ਸੇਲ, ਦੁਕਾਨਦਾਰ ਹੋਏ ਖਿਲਾਫ

09/24/2017 3:09:58 PM

ਨਵੀਂ ਦਿੱਲੀ— ਈ-ਕਾਮਰਸ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਭਾਰੀ ਡਿਸਕਾਊਂਟ ਦੇ ਖਿਲਾਫ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਮਰ ਕੱਸ ਲਈ ਹੈ । ਵਪਾਰੀਆਂ ਦੇ ਸੰਗਠਨ ਸਰਬ ਭਾਰਤੀ ਵਪਾਰੀ ਸੰਗਠਨ (ਸੀ. ਏ. ਆਈ. ਟੀ.)  ਨੇ ਇਲਜ਼ਾਮ ਲਗਾਇਆ ਹੈ ਕਿ ਇਸ ਤਰ੍ਹਾਂ ਦੀ ਸੇਲ ਦੇਸ਼ ਦੀ ਵਿਦੇਸ਼ੀ ਪ੍ਰੱਤਖ ਨਿਵੇਸ਼ ਪਾਲਿਸੀ ਦਾ ਉਲੰਘਣ ਹੈ । ਸੀ. ਏ. ਆਈ. ਟੀ. ਨੇ ਸੇਲ ਦਾ ਪ੍ਰਬੰਧ ਕਰਨ ਵਾਲੀ ਕੰਪਨੀਆਂ ਖਿਲਾਫ ਕੇਂਦਰੀ ਵਣਜ ਮੰਤਰਾਲੇ ਨੂੰ ਵੀ ਲਿਖਿਆ ਹੈ । 
ਸੀ. ਏ. ਆਈ. ਟੀ. ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਉਹ ਇਨ੍ਹਾਂ ਕੰਪਨੀਆਂ ਖਿਲਾਫ ਅਦਾਲਤ ਵਿੱਚ ਜਾ ਸਕਦੇ ਹਨ । ਜ਼ਿਕਰਯੋਗ ਹੈ ਕਿ ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ ਅਤੇ ਸ਼ਾਪਕਲੂਜ਼ ਵਰਗੀਆਂ ਈ-ਕਾਮਰਸ ਕੰਪਨੀਆਂ ਨੇ ਨਰਾਤਿਆਂ ਦੀ ਸ਼ੁਰੁਆਤ ਦੇ ਨਾਲ ਦੇਸ਼ ਭਰ ਵਿੱਚ ਮਹਾਸੇਲ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਸ ਵਜ੍ਹਾ ਨਾਲ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਸੇਲ ਪ੍ਰਭਾਵਿਤ ਹੋ ਰਹੀ ਹੈ । 
ਉੱਥੇ ਹੀ, ਐਮਾਜ਼ੋਨ ਦੀ ਸੇਲ ਦਾ ਅੱਜ ਆਖਰੀ ਦਿਨ ਹੈ, ਜਦੋਂ ਕਿ ਫਲਿੱਪਕਾਰਟ ਅਤੇ ਸਨੈਪਡੀਲ ਦੀ ਸੇਲ ਸੋਮਵਾਰ ਯਾਨੀ 25 ਸਤੰਬਰ ਤੱਕ ਜਾਰੀ ਰਹੇਗੀ। ਸਾਰੀਆਂ ਈ-ਕਾਮਰਸ ਕੰਪਨੀਆਂ ਸੇਲ ਦੌਰਾਨ ਭਾਰੀ ਡਿਸਕਾਊਂਟ ਦੇ ਰਹੀਆਂ ਹਨ। ਕੁਝ ਸਾਮਾਨਾਂ 'ਤੇ ਤਾਂ 80-90 ਫੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਬੈਂਕਾਂ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਜ਼ਰੀਏ ਖਰੀਦ 'ਤੇ ਹੋਰ 10 ਫੀਸਦੀ ਤੱਕ ਕੈਸ਼ਬੈਕ ਜਾਂ ਛੂਟ ਦਿੱਤੀ ਜਾ ਰਹੀ ਹੈ।


Related News