ਭਾਰਤ ਵਿੱਚ ਸੇਵਾ ਖੇਤਰ ਦੀਆਂ ਸਰਗਰਮੀਆਂ 1 ਸਾਲ ਦੇ ਹੇਠਲੇ ਪੱਧਰ ’ਤੇ : PMI
Tuesday, Dec 05, 2023 - 05:45 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਦੇ ਸੇਵਾ ਖੇਤਰ ਦੀਆਂ ਸਰਗਰਮੀਆਂ ਨਵੰਬਰ ਵਿਚ ਇਕ ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਗਈਆਂ। ਨਵੇਂ ਆਰਡਰ ਮਿਲਣ ਅਤੇ ਕੰਮ ਪੂਰਾ ਕਰਨ ਦੀ ਹੌਲੀ ਰਫ਼ਤਾਰ ਕਾਰਨ ਇਹ ਗਿਰਾਵਟ ਆਈ ਹੈ। ਇਕ ਮਾਸਿਕ ਸਰਵੇਖਣ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਮੌਸਮੀ ਤੌਰ ’ਤੇ ਐਡਜਸਟਡ ਐੱਸ. ਐਂਡ ਪੀ. ਗਲੋਬਲ ਭਾਰਤ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਨਵੰਬਰ ਵਿਚ ਇਕ ਸਾਲ ਦੇ ਹੇਠਲੇ ਪੱਧਰ 56.9 ਉੱਤੇ ਪੁੱਜ ਗਿਆ।
ਇਹ ਅਕਤੂਬਰ ਵਿਚ 58.4 ਸੀ। ਮਾਸਿਕ ਆਧਾਰ ’ਤੇ ਗਿਰਾਵਟ ਦੇ ਬਾਵਜੂਦ ਵਿਸਤਾਰ ਦੀ ਦਰ ਇਸ ਦੇ ਲੰਬੇ ਸਮੇਂ ਦੀ ਔਸਤ ਨਾਲੋਂ ਵੱਧ ਮਜ਼ਬੂਤ ਹੈ। ਸਰਵੇਖਣ ਸੇਵਾ ਖੇਤਰ ਦੀਆਂ ਕਰੀਬ 400 ਕੰਪਨੀਆਂ ਨੂੰ ਭੇਜੇ ਗਏ ਪ੍ਰਸ਼ਨਾਵਲੀ ਦੇ ਜਵਾਬਾਂ ’ਤੇ ਆਧਾਰਿਤ ਹੈ। ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਵਿਚ ਅਰਥਸ਼ਾਸਤਰ ਦੀ ਐਸੋਸੀਏਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਭਾਰਤ ਦੇ ਸੇਵਾ ਖੇਤਰ ਨੇ ਤੀਜੀ ਤਿਮਾਹੀ ਦੇ ਅੱਧ ’ਚ ਹੀ ਵਿਕਾਸ ਦੀ ਰਫਤਾਰ ਗੁਆ ਦਿੱਤੀ, ਹਾਲਾਂਕਿ ਅਸੀਂ ਸੇਵਾਵਾਂ ਦੀ ਮਜ਼ਬੂਤ ਮੰਗ ਦੇਖ ਰਹੇ ਹਾਂ, ਜਿਸ ਨਾਲ ਨਵੇਂ ਆਰਡਰ ਮਿਲਣ ਅਤੇ ਕੰਮ ਪੂਰਾ ਕਰਨ ਦੀ ਰਫ਼ਤਾਰ ਵਧੇਗੀ।