‘ਸੇਵਾ ਖੇਤਰ ਦੀਆਂ ਸਰਗਰਮੀਆਂ 10 ਸਾਲਾਂ ’ਚ ਸਭ ਤੋਂ ਤੇਜ਼ ਰਫਤਾਰ ਨਾਲ ਵਧੀਆਂ’

Thursday, Nov 04, 2021 - 02:33 PM (IST)

‘ਸੇਵਾ ਖੇਤਰ ਦੀਆਂ ਸਰਗਰਮੀਆਂ 10 ਸਾਲਾਂ ’ਚ ਸਭ ਤੋਂ ਤੇਜ਼ ਰਫਤਾਰ ਨਾਲ ਵਧੀਆਂ’

ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਸੇਵਾ ਖੇਤਰ (ਸਰਵਿਸ ਸੈਕਟਰ) ਦੀਆਂ ਸਰਗਰਮੀਆਂ ਅਕਤੂਬਰ ’ਚ ਪਿਛਲੇ 10.5 ਸਾਲ ’ਚ ਸਭ ਤੋਂ ਤੇਜ਼ ਰਫਤਾਰ ਨਾਲ ਵਧੀਆਂ ਹਨ। ਮਾਸਿਕ ਆਈ. ਐੱਚ. ਐੱਸ. ਮਾਰਕੀਟ ਇੰਡੀਆ ਸਰਵਿਸਿਜ਼ ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਸਰਵੇ ਅੱਜ ਬੁੱਧਵਾਰ ਨੂੰ ਜਾਰੀ ਹੋਇਆ। ਇਸ ਦੇ ਮੁਤਾਬਕ ਅਨੁਕੂਲ ਮੰਗ ਸਥਿਤੀਆਂ ਦਰਮਿਆਨ ਕਾਰੋਬਾਰੀ ਸਰਗਰਮੀਆਂ ’ਚ ਸੁਧਾਰ ਨਾਲ ਸੇਵਾ ਖੇਤਰ ਦੀਆਂ ਸਰਗਰਮੀਆਂ ਵੀ ਤੇਜ਼ ਹੋਈਆਂ ਹਨ। ਦੇਸ਼ ਦਾ ਸਰਵਿਸ ਸੈਕਟਰ ਪੀ. ਐੱਮ. ਆਈ. ਅਕਤੂਬਰ ਮਹੀਨੇ ’ਚ ਵਧ ਕੇ 58.4 ’ਤੇ ਪਹੁੰਚ ਗਿਆ। ਸਤੰਬਰ ’ਚ ਇਹ 55.2 ’ਤੇ ਸੀ।

ਸਰਵੇ ’ਚ ਸ਼ਾਮਲ ਕੰਪਨੀਆਂ ਮੁਤਾਬਕ ਨਵੇਂ ਕਾਰੋਬਾਰੀ ’ਚ ਵਾਧੇ ਨਾਲ ਉਤਪਾਦਨ ’ਚ ਪਿਛਲੇ ਇਕ ਦਹਾਕੇ ’ਚ ਸਭ ਤੋਂ ਤੇਜ਼ ਵਾਧਾ ਹੋਇਆ ਹੈ। ਇਸ ਕਾਰਨ ਵਧੇਰੇ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਹੋਈ। ਹਾਲਾਂਕਿ ਮਹਿੰਗਾਈ ਦੀਆਂ ਚਿੰਤਾਵਾਂ ਦਰਮਿਆਨ ਕਾਰੋਬਾਰੀ ਭਰੋਸਾ ਕਮਜ਼ੋਰ ਬਣਿਆ ਹੋਇਆ ਹੈ।

ਲਗਾਤਾਰ ਸੁਧਾਰ

ਲਗਾਤਾਰ ਤੀਜੇ ਮਹੀਨੇ ਸੇਵਾ ਖੇਤਰ ਦੇ ਉਤਪਾਦਨ ’ਚ ਵਾਧਾ ਹੋਇਆ ਹੈ। 50 ਤੋਂ ਉੱਪਰ ਹੋਣ ’ਤੇ ਪੀ. ਐੱਮ. ਆਈ. ਵਿਸਤਾਰ ਨੂੰ ਦਿਖਾਉਂਦਾ ਹੈ ਜਦ ਕਿ ਇਸ ਤੋਂ ਹੇਠਾਂ ਰਹਿਣ ’ਤੇ ਇਹ ਗਿਰਾਵਟ ਨੂੰ ਦਰਸਾਉਂਦਾ ਹੈ। ਆਈ. ਐੱਚ. ਐੱਸ. ਮਾਰਕੀਟ ’ਚ ਸਹਾਇਕ ਡਾਇਰੈਕਟਰ-ਅਰਥਸ਼ਾਸਤਰ, ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਇਸ ਖੇਤਰ ’ਚ ਰਿਵਾਈਵਲ ਦਾ ਇਹ ਲਗਾਤਾਰ ਤੀਜਾ ਮਹੀਨਾ ਰਿਹਾ। ਕੰਪਨੀਆਂ ਦੀਆਂ ਸਰਗਰਮੀਆਂ 10.5 ਸਾਲ ’ਚ ਸਭ ਤੋਂ ਤੇਜ਼ੀ ਨਾਲ ਵਧੀਆਂ ਹਨ। ਇਸ ਨਾਲ ਰੋਜ਼ਗਾਰ ਦੇ ਵਧੇਰੇ ਮੌਕੇ ਵੀ ਪੈਦਾ ਹੋਏ ਹਨ। ਲੀਮਾ ਨੇ ਕਿਹਾ ਕਿ ਮੁੱਲ ਦੇ ਮੋਰਚੇ ’ਤੇ ਗੱਲ ਕੀਤੀ ਜਾਵੇ ਤਾਂ ਉਤਪਾਦਨ ਦੀ ਲਾਗਤ ’ਚ ਤੇਜ਼ ਵਾਧਾ ਹੋਇਆ ਹੈ।

ਚਿੰਤਾਵਾਂ ਬਰਕਰਾਰ

ਸਰਵੇ ’ਚ ਸ਼ਾਮਲ ਕੰਪਨੀਆਂ ਨੇ ਈਂਧਨ ਦੀ ਉੱਚੀ ਕੀਮਤ, ਸਮੱਗਰੀ, ਪ੍ਰਚੂਨ, ਕਰਮਚਾਰੀਆਂ ਅਤੇ ਟ੍ਰਾਂਸਪੋਰਟ ਦੀ ਉੱਚੀ ਲਾਗਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਿਕਹਾ ਕਿ ਸੇਵਾ ਖੇਤਰ ਦੀਆਂ ਕੰਪਨੀਆਂ ਦਾ ਮੰਨਣਾ ਹੈ ਕਿ ਮਹਿੰਗਾਈ ਦੇ ਦਬਾਅ ਨਾਲ ਆਉਂਦੇ ਸਾਲ ’ਚ ਵਾਧਾ ਪ੍ਰਭਾਵਿਤ ਹੋ ਸਕਦਾ ਹੈ। ਕਾਰੋਬਾਰੀ ਭਰੋਸਾ ਕਮਜ਼ੋਰ ਬਣਿਆ ਹੋਇਆ ਹੈ। ਸਰਵੇ ਮੁਤਾਬਕ ਸੇਵਾ ਖੇਤਰ ਦੀਆਂ ਕੰਪਨੀਆਂ ਨੇ ਅਕਤੂਬਰ ’ਚ ਵਾਧੂ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਹੈ। ਹਾਲਾਂਕਿ ਇਹ ਵਾਧਾ ਬਹੁਤ ਤੇਜ਼ ਨਹੀਂ ਹੈ ਪਰ ਸਤੰਬਰ ਦੀ ਤੁਲਨਾ ’ਚ ਕਾਫੀ ਜ਼ਿਆਦਾ ਹੈ। ਇਸ ਤੋਂ ਇਲਾਵਾ ਫਰਵਰੀ 2020 ਤੋਂ ਸੇਵਾ ਖੇਤਰ ’ਚ ਸਰਗਰਮੀਆਂ ਸਭ ਤੋਂ ਤੇਜ਼ ਰਹੀਆਂ ਹਨ।

ਨਿੱਜੀ ਖੇਤਰ ਦਾ ਉਤਪਾਦਨ ਵੀ ਤੇਜ਼ੀ ਨਾਲ ਵਧਿਆ

ਇਸ ਦਰਮਿਆਨ ਅਕਤੂਬਰ ’ਚ ਦੇਸ਼ ’ਚ ਨਿੱਜੀ ਖੇਤਰ ਦਾ ਉਤਪਾਦਨ ਵੀ ਵਧੇਰੇ ਤੇਜ਼ੀ ਨਾਲ ਵਧਿਆ ਹੈ। ਸੇਵਾ ਅਤੇ ਨਿਰਮਾਣ ਖੇਤਰ ਦਾ ਸਮੂਹਿਕ ਉਤਪਾਦਨ ਜਾਂ ਸਮੂਹਿਕ ਪੀ. ਐੱਮ. ਆਈ. ਉਤਪਾਦਨ ਸੂਚਕ ਅੰਕ ਅਕਤੂਬਰ ’ਚ ਵਧ ਕੇ 58.7 ਹੋ ਗਿਆ ਜੋ ਸਤੰਬਰ ’ਚ 55.3 ਸੀ। ਜਨਵਰੀ 2012 ਤੋਂ ਬਾਅਦ ਇਹ ਸਭ ਤੋਂ ਤੇਜ਼ ਵਿਸਤਾਰ ਹੈ।


author

Harinder Kaur

Content Editor

Related News