ਸੈਂਸੈਕਸ 'ਚ 660 ਅੰਕ ਦਾ ਉਛਾਲ, ਨਿਫਟੀ 'ਚ ਤੇਜ਼ੀ, ਇਨ੍ਹਾਂ ਸ਼ੇਅਰਾਂ 'ਚ ਕਮਾਈ
Monday, Apr 26, 2021 - 09:37 AM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤਾਂ ਵਿਚਕਾਰ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਮਜਬੂਤੀ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ ਤਕਰੀਬਨ 9.30 ਵਜੇ 663.91 ਅੰਕ ਯਾਨੀ 1.39 ਫ਼ੀਸਦੀ ਦੀ ਬੜ੍ਹਤ ਨਾਲ 48,542.36 ਦੇ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਨਿਫਟੀ ਇਸ ਦੌਰਾਨ 182.50 ਅੰਕ ਯਾਨੀ 1.27 ਫ਼ੀਸਦੀ ਦੀ ਤੇਜ਼ੀ ਨਾਲ 14,523.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਨਿਵੇਸ਼ਕ ਕੋਰੋਨਾ ਮਾਮਲਿਆਂ ਦੀ ਸਥਿਤੀ ਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਤੇ ਨਜ਼ਰ ਰੱਖ ਰਹੇ ਹਨ। 1 ਮਈ ਤੋਂ 18-45 ਸਾਲ ਦੀ ਉਮਰ ਵਿਚਕਾਰ ਵਾਲਿਆਂ ਲਈ ਟੀਕਾਕਰਨ ਸ਼ੁਰੂ ਹੋਣ ਵਾਲਾ ਹੈ, ਇਸ ਦੀ ਸਥਿਤੀ ਵੀ ਨਿਵੇਸ਼ਕਾਂ ਦੀ ਧਾਰਨਾ 'ਤੇ ਪ੍ਰਭਾਵ ਪਾਵੇਗੀ।
ਬੀ. ਐੱਸ. ਈ. 30 ਵਿਚ ਕਾਰੋਬਾਰ ਦੇ ਸ਼ੁਰੂ ਵਿਚ 2 ਸ਼ੇਅਰਾਂ ਵਿਚ ਗਿਰਾਵਟ, ਜਦੋਂ ਕਿ ਬਾਕੀ ਵਿਚ ਮਜਬੂਤੀ ਦੇਖਣ ਨੂੰ ਮਿਲੀ। ਉੱਥੇ ਹੀ, ਨਿਫਟੀ 50 ਦੇ 43 ਸਟਾਕ ਤੇਜ਼ੀ ਵਿਚ ਸਨ।
ਸੈਂਸੈਕਸ ਅਤੇ ਨਿਫਟੀ ਦੋਹਾਂ ਵਿਚ ਆਈ. ਸੀ. ਆਈ. ਸੀ. ਆਈ. ਬੈਂਕ ਟਾਪ ਗੇਨਰ, ਜਦੋਂ ਕਿ ਐੱਚ. ਸੀ. ਐੱਲ. ਟੈੱਕ ਟਾਪ ਲੂਜ਼ਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ, ਓ. ਐੱਨ. ਜੀ. ਸੀ., ਐੱਸ. ਬੀ. ਆਈ., ਅਡਾਨੀ ਪੋਰਟਸ ਵਿਚ ਵੀ ਤੇਜ਼ੀ ਹੈ।
ਕਾਰਪੋਰੇਟ ਨਤੀਜੇ-
ਉੱਥੇ ਹੀ, ਕਾਰਪੋਰੇਟ ਨਤੀਜਿਆਂ ਦੀ ਗੱਲ ਕਰੀਏ ਤਾਂ ਐੱਸ. ਬੀ. ਆਈ. ਕਾਰਡ, ਐੱਚ. ਡੀ. ਐੱਫ. ਸੀ. ਲਾਈਫ, ਟੈੱਕ ਮਹਿੰਦਰਾ, ਕੈਸਟ੍ਰੋਲ ਇੰਡੀਆ, ਡੈਲਟਾ ਕਾਰਪ, ਆਲੋਕ ਇੰਡਸਟਰੀਜ਼, ਟਾਟਾ ਟੈਲੀ ਸਰਵਿਸਿਜ਼ (ਮਹਾਰਾਸ਼ਟਰ) ਤੇ ਸਨੋਮੈਨ ਲੌਜਿਸਟਿਕਸ ਅੱਜ ਮਾਰਚ ਤਿਮਾਹੀ ਨਤੀਜੇ ਐਲਾਨਣਗੀਆਂ। ਨਿੱਜੀ ਖੇਤਰ ਦੀ ਆਈ. ਸੀ. ਆਈ. ਸੀ. ਆਈ. ਬੈਂਕ ਦਾ ਤਿਮਾਹੀ ਮੁਨਾਫਾ 4,402 ਕਰੋੜ ਰੁਪਏ ਰਿਹਾ ਹੈ। ਲੁਪਿਨ, ਸਨ ਫਾਰਮਾ ਨੇ ਵੱਖ-ਵੱਖ ਕਾਰਨਾਂ ਕਰਕੇ ਯੂ. ਐੱਸ. ਵਿਚ ਆਪਣੇ ਵੱਖ-ਵੱਖ ਪ੍ਰਾਡਕਟਸ ਵਾਪਸ ਮੰਗਾਏ ਹਨ।
ਗਲੋਬਲ ਬਾਜ਼ਾਰ-
ਏਸ਼ੀਆਈ ਬਾਜ਼ਾਰ ਦੇਖੀਏ ਤਾਂ ਕਾਰੋਬਾਰ ਦੇ ਸ਼ੁਰੂ ਵਿਚ ਗਿਰਾਵਟ ਤੋਂ ਪਿੱਛੋਂ ਇਹ ਹਲਕੀ ਮਜਬੂਤੀ ਵਿਚ ਆ ਗਏ ਹਨ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਵਿਚ 0.53 ਫ਼ੀਸਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਇਹ 3,492 'ਤੇ ਸੀ। ਹਾਂਗਕਾਂਗ ਦਾ ਹੈਂਗ ਸੇਂਗ 65 ਅੰਕ ਯਾਨੀ 0.22 ਫ਼ੀਸਦੀ ਦੀ ਮਜਬੂਤੀ ਨਾਲ 29,142 ਦੇ ਪੱਧਰ 'ਤੇ ਸੀ। ਜਾਪਾਨ ਦਾ ਨਿੱਕੇਈ 74 ਅੰਕ ਯਾਨੀ 0.26 ਫ਼ੀਸਦੀ ਦੀ ਤੇਜ਼ੀ ਨਾਲ 29,095 'ਤੇ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 184 ਅੰਕ ਯਾਨੀ 1.3 ਫ਼ੀਸਦੀ ਦੇ ਵਾਧੇ ਨਾਲ 14,517 'ਤੇ ਸੀ। ਕੋਰੀਆ ਦੇ ਕੋਸਪੀ ਵਿਚ 20 ਅੰਕ ਯਾਨੀ 0.6 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ ਵਿਚ ਵੀ ਭਾਰਤ ਵਿਚ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਚਿੰਤਾ ਹੈ।