ਬਾਜ਼ਾਰ ਧੜੰਮ : ਸੈਂਸੈਕਸ 900 ਅੰਕ ਤੋਂ ਵੱਧ ਡਿੱਗਾ, ਨਿਫਟੀ 13,967 'ਤੇ ਬੰਦ

Wednesday, Jan 27, 2021 - 04:11 PM (IST)

ਮੁੰਬਈ- ਬੁੱਧਵਾਰ ਸ਼ੇਅਰ ਬਾਜ਼ਾਰ ਵਿਚ ਭਾਰੀ ਵਿਕਵਾਲੀ ਹੋਈ। ਸੈਂਸੈਕਸ 48 ਹਜ਼ਾਰ ਦੇ ਮਹੱਤਵਪੂਰਨ ਪੱਧਰ ਤੋਂ ਹੇਠਾਂ ਖਿਸਕ ਗਿਆ। ਨਿਵੇਸ਼ਕਾਂ ਨੇ ਬੈਂਕਿੰਗ ਸਟਾਕਸ ਵਿਚ ਧੜੱਲੇ ਨਾਲ ਵਿਕਰੀ ਕੀਤੀ। ਕਾਰੋਬਾਰ ਦੌਰਾਨ 47,269.60 ਦੇ ਹੇਠਲੇ ਪੱਧਰ ਨੂੰ ਛੂਹਣ ਪਿੱਛੋਂ ਅੰਤ ਵਿਚ ਸੈਂਸੈਕਸ 937.66 ਅੰਕ ਦੀ ਗਿਰਾਵਟ ਨਾਲ 47,409.93 ਦੇ ਪੱਧਰ 'ਤੇ ਬੰਦ ਹੋਇਆ। ਮੈਟਲ, ਬੈਂਕ ਤੇ ਫਾਰਮਾ ਇੰਡੈਕਸ 1-1 ਫ਼ੀਸਦੀ ਤੱਕ ਡਿੱਗੇ। ਸਭ ਤੋਂ ਖ਼ਰਾਬ ਪ੍ਰਦਰਸ਼ਨ ਐਕਸਿਸ ਬੈਂਕ ਨੇ ਕੀਤਾ, ਇਸ ਦੇ ਸ਼ੇਅਰਾਂ ਵਿਚ 4 ਫ਼ੀਸਦੀ ਗਿਰਾਵਟ ਆਈ।

ਬਜਟ ਤੋਂ ਪਹਿਲਾਂ ਬਾਜ਼ਾਰ ਵਿਚ ਇਹ ਲਗਾਤਾਰ ਚੌਥੇ ਕਾਰੋਬਾਰੀ ਦਿਨ ਭਾਰੀ ਗਿਰਾਵਟ ਹੈ। ਇਨ੍ਹਾਂ ਚਾਰ ਸੈਸ਼ਨਾਂ ਵਿਚ ਸੈਂਸੈਕਸ 4.46 ਫ਼ੀਸਦੀ ਡਿੱਗ ਚੁੱਕਾ ਹੈ।

ਉੱਥੇ ਹੀ, ਨਿਫਟੀ 271.40 ਅੰਕ ਯਾਨੀ 1.91 ਫ਼ੀਸਦੀ ਦੀ ਗਿਰਾਵਟ ਨਾਲ 13,967.50 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵਿਚ ਟਾਟਾ ਮੋਟਰਜ਼, ਐਕਸਿਸ ਬੈਂਕ, ਟਾਟਾ ਸਟੀਲ, ਗੇਲ ਅਤੇ ਟਾਈਟਨ ਕੰਪਨੀ ਦੇ ਸ਼ੇਅਰ ਗਿਰਾਵਟ ਵਿਚ ਰਹੇ, ਜਦੋਂ ਕਿ ਟੈੱਕ ਮਹਿੰਦਰਾ, ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ ਕਾਰਪ, ਵਿਪਰੋ, ਆਈ. ਟੀ. ਸੀ. ਅਤੇ ਪਾਵਰ ਗ੍ਰਿਡ ਕਾਰਪ ਨੇ ਤੇਜ਼ੀ ਦਰਜ ਕੀਤੀ। ਸੈਕਟਰਲ ਇੰਡੈਕਸ ਵਿਚ ਐੱਫ. ਐੱਮ. ਸੀ. ਜੀ. ਨੂੰ ਛੱਡ ਕੇ ਬਾਕੀ ਸਾਰੇ ਇੰਡੈਕਸ ਦਾ ਮਾੜਾ ਹਾਲ ਰਿਹਾ ਅਤੇ ਲਾਲ ਨਿਸ਼ਾਨ ਵਿਚ ਬੰਦ ਹੋਏ। 

ਨਿਫਟੀ ਫਾਰਮਾ ਅਤੇ ਨਿਫਟੀ ਆਟੋ ਦੋਹਾਂ ਇੰਡੈਕਸ ਨੇ 2-2 ਫ਼ੀਸਦੀ ਗਿਰਾਵਟ ਦਰਜ ਕੀਤੀ। ਬੀ. ਐੱਸ. ਈ. ਮਿਡਕੈਪ ਅਤੇ ਸਮਾਲਕੈਪ ਕ੍ਰਮਵਾਰ 0.5-1.3 ਫ਼ੀਸਦੀ ਤੱਕ ਡਿੱਗੇ। ਬੀ. ਐੱਸ. ਈ. ਦੇ 30 ਸ਼ੇਅਰਾਂ ਵਿਚੋਂ 6 ਮਜਬੂਤੀ ਵਿਚ ਬੰਦ ਹੋਏ, ਬਾਕੀ ਲਾਲ ਨਿਸ਼ਾਨ ਵਿਚ ਰਹੇ।

PunjabKesari

ਗਿਰਾਵਟ ਦੀ ਵਜ੍ਹਾ-
ਵਿਸ਼ਵ ਭਰ ਦੇ ਬਾਜ਼ਾਰਾਂ ਵਿਚ ਸੁਸਤ ਕਾਰੋਬਾਰ। ਯੂਰਪੀ ਬਾਜ਼ਾਰਾਂ ਦੀ ਫਲੈਟ ਸ਼ੁਰੂਆਤ ਅਤੇ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਨਿਵੇਸ਼ਕਾਂ ਵਿਚ ਘਬਰਾਹਟ ਕਾਰਨ ਵਿਕਵਾਲੀ ਦਾ ਮਾਹੌਲ ਰਿਹਾ। ਮੰਨਿਆ ਜਾ ਰਿਹਾ ਹੈ ਕਿ ਬਜਟ ਬਾਜ਼ਾਰ ਲਈ ਵਧੀਆ ਨਹੀਂ ਹੋਵੇਗਾ। ਬਜਟ ਤੋਂ ਪਹਿਲਾਂ ਨਿਵੇਸ਼ਕ ਉੱਚ-ਮੁੱਲ ਵਾਲੇ ਸ਼ੇਅਰ ਵੇਚ ਕੇ ਮੁਨਾਫਾ ਕਮਾ ਰਹੇ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਮਿਲਿਆ-ਜੁਲਿਆ ਰੁਝਾਨ ਰਿਹਾ। ਜਾਪਾਨ ਦਾ ਨਿੱਕੇਈ 0.31 ਫ਼ੀਸਦੀ ਤੇ ਚੀਨ ਦਾ ਸ਼ੰਘਾਈ 0.11 ਫ਼ੀਸਦੀ ਦੀ ਮਜਬੂਤੀ ਵਿਚ ਬੰਦ ਹੋਏ। ਹਾਂਗਕਾਂਗ ਦਾ ਹੈਂਗ ਸੇਂਗ ਫਲੈਟ ਰਿਹਾ। ਦੱਖਣੀ ਕੋਰੀਆ ਦਾ ਕੋਸਪੀ 0.57 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਤੋਂ ਇਲਾਵਾ ਆਸਟ੍ਰੇਲੀਆਈ ਬਾਜ਼ਾਰ ਵੀ 0.65 ਫ਼ੀਸਦੀ ਡਿੱਗ ਕੇ ਲਾਲ ਨਿਸ਼ਾਨ 'ਤੇ ਰਿਹਾ।


Sanjeev

Content Editor

Related News