ਸੈਂਸੈਕਸ 'ਚ 100 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 14,500 ਤੋਂ ਪਾਰ ਪੁੱਜਾ

Thursday, Apr 15, 2021 - 09:25 AM (IST)

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ, ਕੋਰੋਨਾ ਦੇ ਮਾਮਲੇ ਵਧਣ ਕਾਰਨ ਕਈ ਸੂਬਿਆਂ ਵਿਚ ਸਖ਼ਤ ਪਾਬੰਦੀਆਂ ਵਿਚਕਾਰ ਵੀਰਵਾਰ ਨੂੰ ਭਾਰਤੀ ਬਾਜ਼ਾਰ ਹਲਕੀ ਗਿਰਾਵਟ ਵਿਚ ਸ਼ੁਰੂ ਹੋਏ ਪਰ ਕਾਰੋਬਾਰ ਦੇ ਕੁਝ ਮਿੰਟਾਂ ਵਿਚ ਹੀ ਇਹ ਹਰੇ ਨਿਸ਼ਾਨ 'ਤੇ ਆ ਗਏ ਹਨ। ਹਾਲਾਂਕਿ, ਰੁਝਾਨ ਸੀਮਤ ਦਾਇਰੇ ਵਿਚ ਦੇਖਣ ਨੂੰ ਮਿਲ ਰਿਹਾ ਹੈ।

ਬੀ. ਐੱਸ. ਈ. ਸੈਂਸੈਕਸ ਸ਼ੁਰੂਆਤੀ ਗਿਰਾਵਟ ਤੋਂ ਉਭਰ ਕੇ 118 ਅੰਕ ਯਾਨੀ 0.24 ਫ਼ੀਸਦੀ ਚੜ੍ਹ ਕੇ 48,662.44 ਦੇ ਪੱਧਰ 'ਤੇ ਪਹੁੰਚ ਗਿਆ। ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ 9.20 ਵਜੇ ਦੇ ਆਸਪਾਸ 53 ਅੰਕ ਯਾਨੀ 0.37 ਫ਼ੀਸਦੀ ਮਜਬੂਤ ਹੋ ਕੇ 14,558 'ਤੇ ਕਾਰੋਬਾਰ ਕਰ ਰਿਹਾ ਸੀ। ਕਾਰਪੋਰੇਟ ਵਿੱਤੀ ਨਤੀਜਿਆਂ ਦਾ ਸੀਜ਼ਨ ਸ਼ੁਰੂ ਹੋਣ ਵਿਚਕਾਰ ਆਈ. ਟੀ. ਸਟਾਕਸ ਫੋਕਸ ਵਿਚ ਰਹਿਣ ਵਾਲੇ ਹਨ। ਇੰਫੋਸਿਸ ਨੇ 9,200 ਕਰੋੜ ਰੁਪਏ ਦੇ ਸ਼ੇਅਰ ਬਾਇਬੈਕ ਦੀ ਘੋਸ਼ਣਾ ਕੀਤੀ ਹੈ। ਉੱਥੇ ਹੀ, ਵਿਪਰੋ ਅੱਜ ਤਿਮਾਹੀ ਨਤੀਜੇ ਜਾਰੀ ਕਰੇਗੀ।

ਗਲੋਬਲ ਬਾਜ਼ਾਰ-
ਸੰਯੁਕਤ ਰਾਜ ਅਮਰੀਕਾ ਦੇ ਬਾਜ਼ਾਰ ਬੀਤੀ ਰਾਤ ਮਿਲੇ-ਜੁਲੇ ਬੰਦ ਹੋਏ ਹਨ। ਇਸ ਦਾ ਪ੍ਰਮੁੱਖ ਇੰਡੈਕਸ ਡਾਓ ਜੋਂਸ 0.16 ਫ਼ੀਸਦੀ ਦੀ ਤੇਜ਼ੀ ਨਾਲ, ਜਦੋਂ ਕਿ ਐੱਸ. ਐਂਡ ਪੀ.-500 ਸੂਚਕ ਅੰਕ 0.4 ਫ਼ੀਸਦੀ ਗਿਰਾਵਟ ਅਤੇ ਨੈਸਡੈਕ ਵਿਚ 0.1 ਫ਼ੀਸਦੀ ਦੀ ਕਮਜ਼ੋਰੀ ਵਿਚ ਬੰਦ ਹੋਇਆ ਹੈ।

ਉੱਥੇ ਹੀ, ਏਸ਼ੀਆਈ ਬਾਜ਼ਾਰ ਦੇਖੀਏ ਤਾਂ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਸ਼ੁਰੂਆਤੀ ਕਾਰੋਬਾਰ ਵਿਚ 1.24 ਫ਼ੀਸਦੀ ਡਿੱਗ ਕੇ 3,374 ਦੇ ਆਸਪਾਸ ਚੱਲ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ ਵੀ 360 ਅੰਕ ਯਾਨੀ 1.25 ਫ਼ੀਸਦੀ ਦੀ ਗਿਰਾਵਟ ਨਾਲ 28,535 ਦੇ ਪੱਧਰ 'ਤੇ ਚੱਲ ਰਿਹਾ ਸੀ। ਜਾਪਾਨ ਦਾ ਨਿੱਕੇਈ 36 ਅੰਕ ਯਾਨੀ 0.12 ਫ਼ੀਸਦੀ ਦੀ ਤੇਜ਼ੀ ਨਾਲ 29,657 'ਤੇ ਸੀ। ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 46 ਅੰਕ ਯਾਨੀ 0.32 ਫ਼ੀਸਦੀ ਦੀ ਕਮਜ਼ੋਰੀ ਨਾਲ 14,641 'ਤੇ ਸੀ। ਕੋਰੀਆ ਦੇ ਕੋਸਪੀ ਵਿਚ 5 ਅੰਕ ਯਾਨੀ  0.16 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। 
 


Sanjeev

Content Editor

Related News