ਬਾਜ਼ਾਰ : ਸੈਂਸੈਕਸ ਸਪਾਟ , ਨਿਫਟੀ ਵੀ ਹਲਕੀ ਤੇਜ਼ੀ ਨਾਲ 15,700 ਤੋਂ ਉੱਪਰ
Tuesday, Jun 08, 2021 - 09:18 AM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਵੀ ਬੀ. ਐੱਸ. ਈ. ਸੈਂਸੈਕਸ 10.03 ਅੰਕ ਯਾਨੀ 0.02 ਫ਼ੀਸਦੀ ਦੀ ਹਲਕੀ ਮਜਬੂਤੀ ਨਾਲ 52,338.54 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 23.90 ਅੰਕ ਯਾਨੀ 0.15 ਫ਼ੀਸਦੀ ਦੀ ਬੜ੍ਹਤ ਨਾਲ 15,775.55 ਦੇ ਰਿਕਾਰਡ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਇਸ ਵਿਚਕਾਰ ਕੇਂਦਰ ਨੇ 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਲਈ ਮੁਫ਼ਤ ਟੀਕਾਕਰਨ ਦੀ ਜ਼ਿੰਮੇਵਾਰੀ ਖ਼ੁਦ 'ਤੇ ਲੈ ਲਈ ਹੈ। ਸਰਕਾਰ ਨੇ ਹਸਪਤਾਲਾਂ ਵੱਲੋਂ ਕੋਵਿਡ-19 ਟੀਕੇ ਲਈ ਲਏ ਜਾਂਦੇ ਸਰਵਿਸ ਚਾਰਜ ਨੂੰ ਵੀ 150 ਰੁਪਏ ਪ੍ਰਤੀ ਖੁਰਾਕ ਤੱਕ ਸੀਮਤ ਕਰ ਦਿੱਤਾ ਹੈ।
ਪੈਟਰੋਨੇਟ ਐੱਲ. ਐੱਨ. ਜੀ., ਮੈਕਸ ਫਾਇਨੈਂਸ਼ੀਅਲ ਸਰਵਿਸਿਜ਼, ਸੁਵੇਨ ਫਾਰਮਾ, ਪ੍ਰੈਸਟੀਜ ਅਸਟੇਟ ਪ੍ਰੋਜੈਕਟਸ, ਗਲੈਕਸੀ ਸਰਫੈਕਟੈਂਟਸ, ਇੰਜੀਨੀਅਰਜ਼ ਇੰਡੀਆ, ਆਇਨ ਐਕਸਚੇਂਜ, ਹੇਸਟਰ ਬਾਇਓਸਾਇੰਸਿਜ਼, ਬਜਾਜ ਹਿੰਦੁਸਤਾਨ ਸ਼ੂਗਰਸ, ਵੋਂਡਰਲਾ ਹਾਲੀਡੇਜ਼ ਅਤੇ ਟਿਟਾਗਰ ਵੈਗਨਜ਼ ਅੱਜ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕਰਨਗੀਆਂ।
ਗਲੋਬਲ ਬਾਜ਼ਾਰ-
ਡਾਓ ਜੋਂਸ ਵਿਚ 0.36 ਫ਼ੀਸਦੀ, ਐੱਸ. ਐਂਡ ਪੀ.-500 ਵਿਚ 0.08 ਫ਼ੀਸਦੀ ਗਿਰਾਵਟ ਤੇ ਨੈਸਡੈਕ ਵਿਚ 0.5 ਫ਼ੀਸਦ ਤੇਜ਼ੀ ਨਾਲ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਜ਼ਿਆਦਾਤਰ ਕਮਜ਼ੋਰੀ ਦੇਖਣ ਨੂੰ ਮਿਲੀ ਹੈ।
ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 16 ਅੰਕ ਯਾਨੀ 0.10 ਫ਼ੀਸਦੀ ਦੀ ਗਿਰਾਵਟ ਨਾਲ 15,765.20 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ ਹੈ।
ਜਾਪਾਨ ਦਾ ਨਿੱਕੇਈ, ਚੀਨ ਦੇ ਸ਼ੰਘਾਈ ਅਤੇ ਹਾਂਗਕਾਂਗ ਦੇ ਹੈਂਗ ਸੇਂਗ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿੱਕੇਈ 0.11 ਫ਼ੀਸਦ ਡਿੱਗ ਕੇ 28,987 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਸ਼ੰਘਾਈ ਕੰਪੋਜ਼ਿਟ 0.4 ਫ਼ੀਸਦੀ ਦੀ ਗਿਰਾਵਟ ਨਾਲ 3,585 'ਤੇ, ਜਦੋਂ ਕਿ ਹੈਂਗ ਸੇਂਗ 0.37 ਫ਼ੀਸਦੀ ਡਿੱਗ ਕੇ 28,682 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਕੋਸਪੀ 0.02 ਫ਼ੀਸਦੀ ਮਾਮੂਲੀ ਤੇਜ਼ੀ ਨਾਲ 3,252 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।