ਸੈਂਸੈਕਸ-ਨਿਫਟੀ ਹੁਣ ਤੱਕ ਦੇ ਨਵੇਂ ਉੱਚ ਪੱਧਰ 'ਤੇ, ਬਜਾਜ ਫਿਨਸਰਵ ਦਾ ਸ਼ੇਅਰ 8 ਫ਼ੀਸਦੀ ਚੜ੍ਹਿਆ

08/24/2021 6:09:25 PM

ਮੁੰਬਈ - ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਰੁਝਾਨ ਦੇ ਵਿਚਕਾਰ ਬੈਂਕਿੰਗ, ਵਿੱਤੀ ਅਤੇ ਧਾਤੂ ਸ਼ੇਅਰਾਂ 'ਚ ਭਾਰੀ ਖਰੀਦਦਾਰੀ ਦੇ ਕਾਰਨ ਸੈਂਸੈਕਸ ਮੰਗਲਵਾਰ ਨੂੰ 403 ਅੰਕਾਂ ਦੀ ਛਲਾਂਗ ਲਗਾ ਕੇ ਨਵੇਂ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 403.19 ਅੰਕ ਜਾਂ 0.73 ਪ੍ਰਤੀਸ਼ਤ ਦੇ ਵਾਧੇ ਨਾਲ 55,958.98 ਦੇ ਸਰਬ ਉੱਚ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਲਗਾਤਾਰ ਦੂਜੇ ਦਿਨ ਲਾਭ ਦੇ ਨਾਲ ਬੰਦ ਹੋਇਆ ਹੈ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 128.15 ਅੰਕ ਜਾਂ 0.78 ਫੀਸਦੀ ਦੇ ਵਾਧੇ ਨਾਲ 16,624.60 ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ।

ਟਾਪ ਗੇਨਰਜ਼

ਸੈਂਸੈਕਸ ਕੰਪਨੀਆਂ 'ਚ ਬਜਾਜ ਫਿਨਸਰਵ ਦਾ ਸ਼ੇਅਰ 7.91 ਫੀਸਦੀ ਵਧਿਆ ਹੈ। ਕੰਪਨੀ ਨੇ ਮਿਉਚੁਅਲ ਫੰਡਾਂ ਦੀ ਸਪਾਂਸਰਸ਼ਿਪ ਲਈ ਸੇਬੀ ਤੋਂ ਸਿਧਾਂਤਕ ਪ੍ਰਵਾਨਗੀ ਪ੍ਰਾਪਤ ਕੀਤੀ ਹੈ। ਟੇਕ ਮਹਿੰਦਰਾ, ਟਾਟਾ ਸਟੀਲ, ਬਜਾਜ ਫਾਈਨਾਂਸ, ਐਚਡੀਐਫਸੀ ਬੈਂਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ 3.41 ਫੀਸਦੀ ਤੱਕ ਵਧੇ।

ਟਾਪ ਲੂਜ਼ਰਜ਼

ਦੂਜੇ ਪਾਸੇ, ਨੇਸਲੇ ਇੰਡੀਆ, ਐਚਡੀਐਫਸੀ, ਇਨਫੋਸਿਸ, ਐਚਸੀਐਲ ਟੈਕ, ਏਸ਼ੀਅਨ ਪੇਂਟਸ ਅਤੇ ਕੋਟਕ ਬੈਂਕ ਨੂੰ 1.34 ਫੀਸਦੀ ਤੱਕ ਦਾ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ :  ਵਿਦੇਸ਼ ਜਾ ਕੇ ਪੜ੍ਹਣਾ ਹੋਇਆ ਆਸਾਨ , SBI ਦੇ ਰਿਹੈ 1.5 ਕਰੋੜ ਤੱਕ ਦਾ ਸਟੱਡੀ ਲੋਨ

ਰਿਲਾਇੰਸ ਸਕਿਓਰਿਟੀਜ਼ ਦੇ ਰਣਨੀਤੀ ਦੇ ਮੁਖੀ ਵਿਨੋਦ ਮੋਦੀ ਨੇ ਕਿਹਾ ਕਿ ਵਿੱਤੀ ਅਤੇ ਧਾਤੂ ਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ੀ ਦੇ ਕਾਰਨ ਘਰੇਲੂ ਬਾਜ਼ਾਰਾਂ ਨੇ ਅੱਜ ਸੁਧਾਰ ਦਰਜ ਕੀਤਾ। ਇਸ ਤੋਂ ਇਲਾਵਾ ਗਲੋਬਲ ਬਾਜ਼ਾਰਾਂ ਦੇ ਸਕਾਰਾਤਮਕ ਰੂਝਾਨ ਕਾਰਨ ਵੀ ਬਾਜ਼ਾਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣੇ ਜਿਹੇ ਬੀਤੇ ਹਫਤਿਆਂ ਵਿਚ ਲਗਾਤਾਰ ਵਿਕਰੀ ਦਾ ਦਬਾਅ ਝੇਲਣ ਦੇ ਬਾਅਦ ਮਿਡਕੈਪ ਅਤੇ ਸਮਾਲਕੈਪ ਵਿਚ ਅੱਜ ਜ਼ਬਰਦਸਤ ਸੁਧਾਰ ਹੋਇਆ ਹੈ। ਜਿਓਜੀਤ ਫਾਇਨਾਂਸ਼ਿਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਵੱਡੇ ਬਾਜ਼ਾਰਾਂ ਵਿਚ ਮਜ਼ਬੂਤ ਸੁਧਾਰ ਅਤੇ ਅਨੁਕੂਲ ਗਲੋਬਲ ਰੁਝਾਨ ਨਾਲ ਦਲਾਲ ਸਟਰੀਟ ਵਿਚ ਧਾਰਨਾ ਬਿਹਤਰ ਹੋਈ ਹੈ। ਧਾਤੂ , ਬੈਂਕਿੰਗ ਅਤੇ ਰਿਐਲਿਟੀ ਸ਼ੇਅਰਾਂ ਦੀ ਅਗਵਾਈ ਨਾਲ ਬਾਜ਼ਾਰ ਚੜ੍ਹੇ। ਨਾਇਰ ਨੇ ਕਿਹਾ ਕਿ ਯੂ.ਐਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਫਾਈਜ਼ਰ ਅਤੇ ਬਾਇਓਨਟੈਕ ਤੋਂ ਕੋਵਿਡ -19 ਟੀਕੇ ਨੂੰ ਪੂਰੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਟੀਕਾਕਰਨ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ 6 ਲੱਖ ਕਰੋੜ ਰੁਪਏ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਦਾ ਉਦਘਾਟਨ ਕੀਤਾ। ਇਸ ਨਾਲ ਬਾਜ਼ਾਰ ਦੀ ਧਾਰਨਾ ਨੂੰ ਵੀ ਹੁਲਾਰਾ ਮਿਲਿਆ। ਬੀਐਸਈ ਮਿਡਕੈਪ ਅਤੇ ਸਮਾਲਕੈਪ 1.69 ਫੀਸਦੀ ਤੱਕ ਵਧੇ।

ਹੋਰ ਏਸ਼ੀਆਈ ਬਾਜ਼ਾਰਾਂ ਵਿੱਚ, ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗ ਸੇਂਗ, ਜਾਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦਾ ਕੋਸਪੀ ਮਜ਼ਬੂਤ ​​ਵਾਧੇ ਦੇ ਨਾਲ ਬੰਦ ਹੋਇਆ। ਦੁਪਹਿਰ ਦੇ ਕਾਰੋਬਾਰ ਵਿੱਚ ਯੂਰਪੀ ਬਾਜ਼ਾਰਾਂ ਵਿੱਚ ਮਿਲਿਆ-ਜੁਲਿਆ ਰੁਝਾਨ ਰਿਹਾ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ 1.14 ਫੀਸਦੀ ਵਧ ਕੇ 69.15 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ ਤਿੰਨ ਪੈਸੇ ਵੱਧ ਕੇ 74.19 ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ। ਇਸ ਦੌਰਾਨ, ਸਟਾਕ ਐਕਸਚੇਂਜਾਂ ਦੇ ਆਰਜ਼ੀ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ ਕੁੱਲ 1,363.36 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : ਕੇਂਦਰ ਨੇ ਲਾਂਚ ਕੀਤੀ NMP ਯੋਜਨਾ, ਰੇਲਵੇ ਸਟੇਸ਼ਨਾਂ ਤੇ ਏਅਰਪੋਰਟਾਂ ਨੂੰ ਵੇਚੇ ਬਿਨਾਂ ਕਰੋੜਾਂ ਦੀ ਕਮਾਈ ਦਾ ਟੀਚਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News