ਸੈਂਸੈਕਸ 'ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ, 2000 ਅੰਕਾਂ ਤੋਂ ਜ਼ਿਆਦਾ ਡਿੱਗਿਆ

03/10/2020 5:48:15 PM

ਮੁੰਬਈ — ਕੱਚੇ ਤੇਲ ਦੀਆਂ ਕੀਮਤਾਂ ਵਿਚ 30 ਫੀਸਦੀ ਤੱਕ ਦੀ ਰਿਕਾਰਡ ਗਿਰਾਵਟ, ਯੈੱਸ ਬੈਂਕ ਦਾ ਸੰਕਟ ਅਤੇ ਕੋਰੋਨਾ ਵਾਇਰਸ ਦੀ ਕੌਮਾਂਤਰੀ ਪੱਧਰ 'ਤੇ ਫੈਲੀ ਮਹਾਂਮਾਰੀ, ਇਨ੍ਹਾਂ ਕਾਰਨਾਂ ਕਰਕੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੇ ਇਤਿਹਾਸ ਦੇ ਤਿੰਨ ਸਭ ਤੋਂ ਖਰਾਬ ਅੰਕੜੇ ਸਾਹਮਣੇ ਆਏ। ਸੈਂਸੈਕਸ ਨੇ ਇਕ ਦਿਨ 'ਚ ਇਤਿਹਾਸ ਦੀ ਸਭ ਤੋਂ ਵੱਡੀ ਇੰਟ੍ਰਾ-ਡੇ ਦੀ 2,467 ਅੰਕਾਂ ਦੀ ਗਿਰਾਵਟ ਦੇਖੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 1941.67 ਅੰਕ ਹੇਠਾਂ ਡਿੱਗ ਕੇ 35,634.95 ਅੰਕਾਂ 'ਤੇ ਬੰਦ ਹੋਇਆ। ਸੈਂਸੈਕਸ 5.17 ਫੀਸਦੀ ਡਿੱਗਾ। ਇਸ ਦੇ ਨਾਲ ਹੀ ਨਿਫਟੀ 'ਚ 538 ਅੰਕਾਂ ਦੀ ਗਿਰਾਵਟ ਆਈ ਅਤੇ ਇਹ 10,451.45 ਅੰਕ 'ਤੇ ਬੰਦ ਹੋਇਆ। ਸੈਂਸੈਕਸ ਇਸ ਸਾਲ ਦੇ ਸ਼ੁਰੂਆਤੀ ਦੋ ਮਹੀਨਿਆਂ 'ਚ ਹੀ 5,672 ਅੰਕ ਜਾਂ ਕਰੀਬ 13.73 ਫੀਸਦੀ ਹੇਠਾਂ ਆ ਚੁੱਕਾ ਹੈ। ਨਿਫਟੀ ਵੀ ਪਿੱਛੇ ਨਹੀਂ ਹੈ ਇਹ ਵੀ ਦੋ ਮਹੀਨੇ 'ਚ 1,731 ਅੰਕ ਯਾਨੀ ਕਿ ਕਰੀਬ 14.2 ਫੀਸਦੀ ਡਿੱਗ ਚੁੱਕਾ ਹੈ।

9 ਮਾਰਚ 2020 ਭਾਰਤੀ ਸ਼ੇਅਰ ਬਾਜ਼ਾਰ ਲਈ ਇਤਿਹਾਸਕ ਦਿਨ

ਸੈਂਸੈਕਸ 'ਚ ਸਭ ਤੋਂ ਵੱਡੀ ਗਿਰਾਵਟ

ਸੈਂਸੈਕਸ ਨੇ 9 ਮਾਰਚ 2020 ਨੂੰ ਆਪਣੇ 145 ਸਾਲ ਦੇ ਇਤਿਹਾਸ 'ਚ ਇਕ ਦਿਨ 'ਚ ਸਭ ਤੋਂ ਬੁਰੀ ਗਿਰਾਵਟ ਦੇਖੀ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 1,100 ਅੰਕ ਹੇਠਾਂ ਖੁੱਲ੍ਹਿਆ। ਕੁਝ ਘੰਟਿਆਂ ਬਾਅਦ ਹੀ ਇਹ 1,500 ਅੰਕ ਹੇਠਾਂ ਆ ਗਿਆ। ਇਸ ਤੋਂ ਬਾਅਦ ਦੁਪਹਿਰ ਤੱਕ ਬਾਜ਼ਾਰ ਨੇ 2,467 ਅੰਕਾਂ ਤੱਕ ਦੀ ਇੰਟ੍ਰਾ-ਡੇ ਗਿਰਾਵਟ ਦਾ ਰਿਕਾਰਡ ਬਣਾ ਲਿਆ। ਇਸ ਤੋਂ ਪਹਿਲਾਂ 24 ਅਗਸਤ 2015 ਨੂੰ ਸੈਂਸੈਕਸ 'ਚ ਇੰਟ੍ਰਾ-ਡੇ ਦੀ ਸਭ ਤੋਂ ਵੱਡੀ ਗਿਰਾਵਟ 2,200 ਅੰਕ ਦੀ ਰਹੀ ਸੀ।

ਸੈਂਸੈਕਸ ਨੇ ਦੋਹਰਾਇਆ ਆਪਣਾ 13 ਮਹੀਨੇ ਪੁਰਾਣਾ ਇਤਿਹਾਸ

ਇਸ ਸਾਲ ਦੇ ਸ਼ੁਰੂਆਤੀ ਕੁੱਲ 69 ਦਿਨਾਂ 'ਚ ਸੈਂਸੈਕਸ 5,672 ਅੰਕ ਹੇਠਾਂ ਆ ਚੁੱਕਾ ਹੈ। 1 ਜਨਵਰੀ ਨੂੰ ਸੈਂਸੈਕਸ 41,306 ਅੰਕਾਂ 'ਤੇ ਸੀ। ਉਸ ਸਮੇਂ ਤੋਂ ਹੁਣ ਤੱਕ ਇਸ 'ਚ 13.73 ਫੀਸਦੀ ਤੱਕ ਦੀ ਗਿਰਾਵਟ ਆ ਚੁੱਕੀ ਹੈ। ਇਸ ਗਿਰਾਵਟ ਨੇ ਸੈਂਸੈਕਸ ਨੂੰ 35,634.95 ਅੰਕਾਂ 'ਤੇ ਲਿਆ ਦਿੱਤਾ ਹੈ। ਇਸ ਤੋਂ ਪਹਿਲਾਂ 15 ਜੂਨ 2018 ਨੂੰ ਸੈਂਸੈਕਸ 35,622 ਅੰਕਾਂ 'ਤੇ ਸੀ।

ਨਿਫਟੀ ਨੇ ਵੀ ਗਵਾਇਆ ਆਪਣਾ ਵਾਧਾ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸੋਮਵਾਰ ਸਵੇਰੇ 318.95 ਅੰਕ ਦੀ ਗਿਰਾਵਟ ਨਾਲ ਖੁੱਲ੍ਹਿਆ। ਸਵੇਰ ਦੇ ਕਾਰੋਬਾਰ ਸਮੇਂ ਇਹ 417.05 ਅੰਕ ਫਿਸਲ ਗਿਆ।  ਦੁਪਹਿਰ ਤੱਕ 638 ਅੰਕ ਡਿੱਗ ਕੇ 16 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਿਆ। ਇਸ ਸਾਲ ਨਿਫਟੀ 1,731 ਅੰਕ ਹੇਠਾਂ ਆ ਚੁੱਕਾ ਹੈ। 1 ਜਨਵਰੀ ਨੂੰ ਨਿਫਟੀ 12,182 'ਤੇ ਸੀ ਅਤੇ 9 ਮਾਰਚ ਨੂੰ ਇਹ 10,451.45 'ਤੇ ਬੰਦ ਹੋਇਆ।

ਨਿਵੇਸ਼ਕਾਂ ਨੂੰ ਹੋਇਆ ਕਰੋੜਾਂ ਦਾ ਨੁਕਸਾਨ

  • ਨਿਵੇਸ਼ਕਾਂ ਦੇ ਸ਼ੇਅਰਾਂ ਦਾ ਵੈਲਿਊਏਸ਼ਨ ਇਕ ਦਿਨ 'ਚ 7 ਲੱਖ ਕਰੋੜ ਰੁਪਏ ਘੱਟ ਗਿਆ। ਸ਼ੁੱਕਰਵਾਰ ਨੂੰ ਟ੍ਰੇਡਿੰਗ ਖਤਮ ਹੋਣ 'ਤੇ ਬੰਬਈ ਸਟਾਕ ਐਕਸਚੇਂਜ ਦਾ ਮਾਰਕਿਟ ਕੈਪ 144 ਲੱਖ ਕਰੋੜ ਰੁਪਏ ਸੀ। ਸੋਮਵਾਰ ਨੂੰ ਇਹ ਡਿੱਗ ਕੇ ਕਰੀਬ 137 ਲੱਖ ਕਰੋੜ ਰੁਪਏ ਪਹੁੰਚ ਗਿਆ।
  • ਰਿਲਾਇੰਸ ਨੂੰ 12 ਸਾਲ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ, ਮਾਰਕਿਟ ਕੈਪ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਘਟਿਆ। ਰਿਲਾਂਇੰਸ ਦੇ ਸ਼ੇਅਰਾਂ 'ਚ ਕਰੀਬ 13 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਰਿਲਾਇੰਸ ਨੇ ਸੈਂਸੈਕਸ ਨੂੰ 500 ਅੰਕਾਂ ਦਾ ਨੁਕਸਾਨ ਪਹੁੰਚਾਇਆ।
  • ਬੀ.ਐਸ.ਈ. 'ਚ 2,725 ਕੰਪਨੀਆਂ ਦੇ ਸ਼ੇਅਰਾਂ ਵਿਚ ਟ੍ਰੇਡਿੰਗ ਹੋਈ, ਇਨ੍ਹਾਂ ਵਿਚੋਂ 2,197 ਸ਼ੇਅਰ ਗਿਰਾਵਟ 'ਚ ਰਹੇ। 359 ਕੰਪਨੀਆਂ ਦੇ ਸ਼ੇਅਰਾਂ ਨੇ ਵਾਧਾ ਦਰਜ ਕੀਤਾ ਅਤੇ 80 ਫੀਸਦੀ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਰਹੀ। 23 ਕੰਪਨੀਆਂ ਦੇ ਸ਼ੇਅਰ ਸਾਲ ਦੇ ਉੱਚ ਪੱਧਰ 'ਤੇ ਹਨ ਅਤੇ 839 ਕੰਪਨੀਆਂ ਦੇ ਸ਼ੇਅਰ ਹੇਠਲੇ ਪੱਧਰ 'ਤੇ ਹਨ।

ਗਿਰਾਵਟ ਦੇ 4 ਵੱਡੇ ਕਾਰਨ

ਕੋਰੋਨਾ ਵਾਇਰਸ 

ਭਾਰਤ ਸਮੇਤ ਦੁਨੀਆ ਦੇ 109 ਦੇਸ਼ਾਂ ਵਿਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ। 1 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਦੁਨੀਆ ਭਰ ਦੇ ਬਾਜ਼ਾਰਾਂ ਵਿਚ ਕਈ ਸੈਕਟਰ 'ਤੇ ਅਸਰ ਪਾਇਆ ਹੈ। ਫਾਰਮਾ, ਆਟੋਮੋਬਾਈਲ, ਸਮਾਰਟ ਫੋਨ ਵਰਗੀਆਂ ਨਿਰਮਾਣ ਇੰਡਸਟਰੀਜ਼ 'ਤੇ ਇਸ ਦਾ ਬੁਰਾ ਅਸਰ ਪਿਆ ਹੈ। ਇਸ ਦਾ ਅਸਰ ਸੋਮਵਾਰ ਨੂੰ ਦੁਨੀਆ ਭਰ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ 'ਚ ਨਜ਼ਰ ਆਇਆ। ਅਮਰੀਕਾ, ਬਿਟ੍ਰੇਨ, ਜਰਮਨੀ, ਜਾਪਾਨ, ਹਾਂਗਕਾਂਗ ਸਮੇਤ ਦੁਨੀਆ ਦੇ ਸਾਰੇ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ।

ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ

ਰੂਸ ਵਲੋਂ ਓਪੇਕ ਦੇਸ਼ਾਂ ਨਾਲ ਤੇਲ ਉਤਪਾਦਨ 'ਚ ਕਟੌਤੀ 'ਤੇ ਸਹਿਮਤੀ ਨਾ ਬਣਨ ਦੇ ਬਾਅਦ ਸਾਊਦੀ ਅਰਬ ਨੇ ਪ੍ਰਾਈਸ ਵਾਰ ਛੇੜ ਦਿੱਤੀ ਹੈ। ਸਾਊਦੀ ਅਰਬ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 30 ਫੀਸਦੀ ਤੱਕ ਡਿੱਗ ਗਈਆਂ ਹਨ। ਸਾਊਦੀ ਅਰਬ ਵਲੋਂ ਕੀਮਤਾਂ 'ਚ ਕਟੌਤੀ ਦੇ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ 1991 ਦੇ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਵਿਦੇਸ਼ੀ ਨਿਵੇਸ਼ਕ

ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ(ਐਫ.ਪੀ.ਆਈ.) ਨੇ ਮਾਰਚ 2020 'ਚ ਪਹਿਲੇ 5 ਕਾਰੋਬਾਰੀ ਸੈਸ਼ਨਾਂ 'ਚ ਹੀ ਭਾਰਤੀ ਪੂੰਜੀ ਬਾਜ਼ਾਰ ਵਿਚੋਂ 13,157 ਕਰੋੜ ਰੁਪਏ ਕੱਢ ਲਏ ਸਨ। ਇਸ ਤੋਂ ਪਹਿਲਾਂ ਲਗਾਤਾਰ 6 ਮਹੀਨਿਆਂ ਤੋਂ ਐਫ.ਪੀ.ਆਈ. ਭਾਰਤੀ ਬਾਜ਼ਾਰ ਵਿਚ ਵੱਡੇ ਨਿਵੇਸ਼ਕ ਬਣੇ ਹੋਏ ਸਨ। ਡਿਪਾਜ਼ਿਟਰੀ ਅੰਕੜਿਆਂ ਅਨੁਸਾਰ 2 ਤੋਂ 6 ਮਾਰਚ ਵਿਚਕਾਰ ਐਫ.ਪੀ.ਆਈ. ਨੇ ਸ਼ੇਅਰ ਬਾਜ਼ਾਰਾਂ ਵਿਚੋਂ 8,997.46 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ ਵਿਚੋਂ 4,159.66 ਕਰੋੜ ਰੁਪਏ ਕਢਵਾਏ। ਇਸ ਤਰ੍ਹਾਂ ਨਾਲ ਉਨ੍ਹਾਂ ਨੇ 6 ਮਾਰਚ ਤੱਕ ਪੂੰਜੀ ਬਾਜ਼ਾਰ ਵਿਚੋਂ 13,157.12 ਕਰੋੜ ਰੁਪਏ ਕਢਵਾਏ।

ਵਿਦੇਸ਼ੀ ਬਾਜ਼ਾਰ

ਦੁਨੀਆ ਦੇ ਸਾਰੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਾਪਾਨ ਦਾ ਨਿਕਕਈ 5.2 ਫੀਸਦੀ ਹੇਠਾਂ ਹੈ ਅਤੇ ਆਸਟ੍ਰੇਲੀਅਨ ਕਮੋਡਿਟੀ ਮਾਰਕਿਟ 6.4 ਫੀਸਦੀ ਹੇਠਾਂ ਹੈ। ਡਾਓ ਜੋਂਸ 256 ਅੰਕ ਅਤੇ ਨੈਸਡੇਕ 161 ਅੰਕ ਹੇਠਾਂ ਹੈ। ਬ੍ਰਿਟੇਨ ਦਾ ਐਫ.ਟੀ.ਐਸ.ਈ. 418 ਅੰਕ ਹੇਠਾਂ ਹੈ।


ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : Yes Bank ਦੇ ਗਾਹਕ ਦੂਜੇ ਬੈਂਕ ਖਾਤਿਆਂ ਤੋਂ ਕਰ ਸਕਦੇ ਹਨ ਕ੍ਰੈਡਿਟ ਕਾਰਡ ਦਾ ਭੁਗਤਾਨ


Related News