ਸੈਂਸੈਕਸ ਸ਼ੁਰੂ 'ਚ 300 ਅੰਕ ਤੋਂ ਵੱਧ ਦੀ ਗਿਰਾਵਟ ਨਾਲ 52,500 ਤੋਂ ਥੱਲ੍ਹੇ ਡਿੱਗਾ

Friday, Jul 09, 2021 - 10:46 AM (IST)

ਸੈਂਸੈਕਸ ਸ਼ੁਰੂ 'ਚ 300 ਅੰਕ ਤੋਂ ਵੱਧ ਦੀ ਗਿਰਾਵਟ ਨਾਲ 52,500 ਤੋਂ ਥੱਲ੍ਹੇ ਡਿੱਗਾ

ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰੀ ਦੇ ਰੁਖ਼ ਵਿਚਕਾਰ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ., ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਵਰਗੇ ਵੱਡੇ ਸ਼ੇਅਰਾਂ ਵਿਚ ਗਿਰਾਵਟ ਦੇ ਮੱਦੇਨਜ਼ਰ ਸੈਂਸੈਕਸ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 300 ਅੰਕ ਤੋਂ ਜ਼ਿਆਦਾ ਟੁੱਟ ਗਿਆ। ਹਾਲਾਂਕਿ, ਬਾਅਦ ਵਿਚ ਤਕਰੀਬਨ 10.30 ਵਜੇ ਸੈਂਸੈਕਸ 108 ਅੰਕ ਯਾਨੀ 0.21 ਫ਼ੀਸਦੀ ਦੀ ਕਮਜ਼ੋਰੀ ਨਾਲ 52,460 'ਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਖੁੱਲ੍ਹਣ ਦੇ ਕੁਝ ਹੀ ਮਿੰਟਾਂ ਵਿਚ ਇਹ 340 ਅੰਕ ਲੁੜਕ ਕੇ 52,228.01 'ਤੇ ਆ ਗਿਆ ਸੀ।

ਜਾਪਾਨ ਤੇ ਦੱਖਣੀ ਕੋਰੀਆ ਵਿਚ ਕੋਵਿਡ ਕਾਰਨ ਦੁਬਾਰਾ ਸਖ਼ਤੀ ਵਧਣ ਨਾਲ ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ, ਨਿਫਟੀ ਸ਼ੁਰੂ ਵਿਚ 77.75 ਅੰਕ ਯਾਨੀ 0.49 ਫ਼ੀਸਦ ਡਿੱਗ ਕੇ 15,650.15 'ਤੇ ਆ ਜਾਣ ਪਿੱਛੋਂ 7.60 ਅੰਕ ਯਾਨੀ 0.048 ਫ਼ੀਸਦੀ ਦੀ ਮਾਮੂਲੀ ਗਿਰਾਵਟ ਨਾਲ 15,720.30 'ਤੇ ਆ ਗਿਆ। ਕਾਰੋਬਾਰ ਦੇ ਸ਼ੁਰੂ ਵਿਚ ਸੈਂਸੈਕਸ ਵਿਚ ਸਭ ਤੋਂ ਜ਼ਿਆਦਾ 1 ਫ਼ੀਸਦੀ ਗਿਰਾਵਟ ਐਕਸਿਸ ਬੈਂਕ ਵਿਚ ਦੇਖਣ ਨੂੰ ਮਿਲੀ।

ਕਾਰੋਬਾਰ ਦੇ ਸ਼ੁਰੂ ਵਿਚ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ., ਇੰਡਸਇੰਡ ਬੈਂਕ, ਟੀ. ਸੀ. ਐੱਸ. ਅਤੇ ਬਜਾਜ ਆਟੋ ਲਾਲ ਨਿਸ਼ਾਨ 'ਤੇ ਸਨ। ਦੂਜੇ ਪਾਸੇ ਟਾਟਾ ਸਟੀਲ, ਬਜਾਜ ਫਿਨਸਰਵ, ਡਾ. ਰੈਡੀਜ਼, ਸਨ ਫਾਰਮਾ ਤੇ ਟਾਈਟ ਬੜ੍ਹਤ ਵਿਚ ਸਨ। ਪਿਛਲੇ ਸੈਸ਼ਨ ਵਿਚ ਸੈਂਸੈਕਸ 485.80 ਅੰਕ ਯਾਨੀ 0.95 ਫ਼ੀਸਦੀ ਦੀ ਗਿਰਾਵਟ ਨਾਲ 52,568.94 'ਤੇ ਬੰਦ ਹੋਇਆ ਸੀ, ਜਦੋਂ ਕਿ ਨਿਫਟੀ 151.75 ਅੰਕ ਯਾਨੀ 0.96 ਫ਼ੀਸਦੀ ਗਿਰਾਵਟ ਨਾਲ 15,728 'ਤੇ ਬੰਦ ਹੋਇਆ ਸੀ। ਉੱਥੇ ਹੀ ਨਿੱਕੇਈ, ਸ਼ੰਘਾਈ ਸਣੇ ਏਸ਼ੀਆਈ ਬਾਜ਼ਾਰ ਲਾਲ ਨਿਸ਼ਾਨ 'ਤੇ ਸਨ।


author

Sanjeev

Content Editor

Related News