ਫਾਈਜ਼ਰ ਵੈਕਸੀਨ ਤੇ ਚੋਣਾਂ 'ਚ NDA ਦੀ ਬੜ੍ਹਤ ਨਾਲ ਸੈਂਸੈਕਸ 43,000 ਤੋਂ ਪਾਰ
Tuesday, Nov 10, 2020 - 01:10 PM (IST)
ਮੁੰਬਈ— ਸੰਯੁਕਤ ਰਾਜ ਅਮਰੀਕਾ ਦੀ ਫਾਈਜ਼ਰ ਤੇ ਜਰਮਨ ਬਾਇਓਨਟੈਕ ਵੱਲੋਂ ਸਾਂਝੇ ਤੌਰ 'ਤੇ ਵਿਕਸਤ ਕੀਤੇ ਜਾ ਰਹੇ ਕੋਰੋਨਾ ਵਾਇਰਸ ਟੀਕੇ ਨੇ ਵਿਸ਼ਵ ਪੱਧਰ 'ਤੇ ਆਰਥਿਕ ਸੁਧਾਰ 'ਚ ਤੇਜ਼ੀ ਦੀ ਉਮੀਦ ਪੈਦਾ ਕਰ ਦਿੱਤੀ ਹੈ। ਇਸ ਨੂੰ ਲੈ ਕੇ ਨਿਵੇਸ਼ਕ ਨਵੇਂ ਉਤਸ਼ਾਹ ਨਾਲ ਬਾਜ਼ਾਰ 'ਚ ਪੈਸਾ ਲਾ ਰਹੇ ਹਨ।
ਸੋਮਵਾਰ ਨੂੰ ਸੈਂਸੈਕਸ ਕਾਰੋਬਾਰ ਦੌਰਾਨ ਪਹਿਲੀ ਵਾਰ 43,000 ਦੇ ਪੱਧਰ ਨੂੰ ਪਾਰ ਕਰ ਗਿਆ ਅਤੇ ਦੁਪਹਿਰ ਤਕਰੀਬਨ 1 ਵਜੇ ਇਹ 643.55 ਯਾਨੀ 1.5 ਫੀਸਦੀ ਦੀ ਸ਼ਾਨਦਾਰ ਮਜਬੂਤੀ ਨਾਲ 43,240.98 ਦੇ ਹੁਣ ਤੱਕ ਦੇ ਸਰਵ-ਉੱਚ ਪੱਧਰ 'ਤੇ ਸੀ।
ਉੱਥੇ ਹੀ, ਨਿਫਟੀ ਵੀ 13,000 ਦੇ ਪੱਧਰ ਦੇ ਨਜ਼ਦੀਕ ਹੈ। ਐੱਨ. ਐੱਸ. ਈ. ਨਿਫਟੀ 152.60 ਅੰਕ ਯਾਨੀ 1.2 ਫੀਸਦੀ ਦੀ ਬੜ੍ਹਤ ਨਾਲ 12,612.95 'ਤੇ ਸੀ।
ਫਾਈਜ਼ਰ ਦੇ ਸਟਾਕਸ ਆਲਟਾਈਮ ਹਾਈ 'ਤੇ-
ਫਾਈਜ਼ਰ ਨੇ ਸੋਮਵਾਰ ਕਿਹਾ ਕਿ ਉਸ ਦੇ ਕੋਵਿਡ-19 ਟੀਕੇ ਨੇ ਟਰਾਇਲ ਦੌਰਾਨ ਸੰਕਰਮਣ ਨੂੰ ਰੋਕਣ 'ਚ 90 ਫੀਸਦੀ ਸਫਲਤਾ ਦਿਖਾਈ ਹੈ। ਇਸ ਖ਼ਬਰ ਪਿੱਛੋਂ ਅਮਰੀਕੀ ਅਤੇ ਹੋਰ ਬਾਜ਼ਾਰਾਂ 'ਚ ਤੇਜ਼ੀ ਛਾ ਗਈ। ਭਾਰਤ 'ਚ ਬੈਂਕਾਂ, ਵਿੱਤੀ ਸੇਵਾਵਾਂ ਅਤੇ ਰੀਐਲਟੀ ਸ਼ੇਅਰਾਂ 'ਚ ਜਮ ਕੇ ਖਰੀਦਦਾਰੀ ਦੇਖਣ ਨੂੰ ਮਿਲੀ। ਉੱਥੇ ਹੀ, ਫਾਈਜ਼ਰ ਦੇ ਸਟਾਕਸ 19 ਫੀਸਦੀ ਦੀ ਬੜ੍ਹਤ ਨਾਲ ਰਿਕਾਰਡ 5,875 ਦੇ ਉੱਚ ਪੱਧਰ 'ਤੇ ਪਹੁੰਚ ਗਏ।
ਬਿਹਾਰ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ 'ਚ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ ਦੀ ਵਾਪਸੀ ਦੇ ਸੰਕੇਤ ਹਨ, ਇਸ ਨੇ ਵੀ ਬਾਜ਼ਾਰ ਦੀ ਸਕਾਰਾਤਮਕ ਧਾਰਨਾ 'ਚ ਵਾਧਾ ਕੀਤਾ। ਕੇਂਦਰ 'ਚ ਐੱਨ. ਡੀ. ਏ. ਦੀ ਅਗਵਾਈ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ ਅਤੇ ਤੇਲੰਗਾਨਾ 'ਚ ਜ਼ਿਮਨੀ ਚੋਣਾਂ 'ਚ ਵੀ ਚੰਗਾ ਪ੍ਰਦਰਸ਼ਨ ਕਰਦੀ ਦਿਖਾਈ ਦੇ ਰਹੀ ਹੈ।