ਸੈਂਸੈਕਸ 36 ਹਜ਼ਾਰ ਤੋਂ ਪਾਰ, ਨਿਫਟੀ ਵੀ 10,600 ਤੋਂ ਉੱਪਰ ਪੁੱਜਾ
Friday, Jul 03, 2020 - 05:00 PM (IST)
ਮੁੰਬਈ— ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਬਾਜ਼ਾਰ ਨੇ ਤੇਜ਼ੀ ਦਰਜ ਕੀਤੀ ਹੈ। ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰਾਂ 'ਚ ਬੜ੍ਹਤ ਨਾਲ ਸੈਂਸੈਕਸ 178 ਅੰਕ ਮਜਬੂਤ ਹੋਇਆ। ਕਾਰੋਬਾਰੀਆਂ ਨੇ ਕਿਹਾ ਕਿ ਕੈਡਿਲਾ ਹੈਲਥਕੇਅਰ ਦੀ ਜਾਇਡਸ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੇ ਮਨੁੱਖੀ ਟ੍ਰਾਇਲ ਦੀ ਮਨਜ਼ੂਰੀ ਮਿਲਣ ਨਾਲ ਵੀ ਘਰੇਲੂ ਨਿਵੇਸ਼ਕਾਂ ਦੀ ਧਾਰਨਾ ਮਜਬੂਤ ਹੋਈ।
ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ 'ਚ ਕਾਰੋਬਾਰ ਦੌਰਾਨ 36,110.21 ਦੇ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਅਖੀਰ 'ਚ 177.72 ਅੰਕ ਯਾਨੀ 0.50 ਫੀਸਦੀ ਦੀ ਬੜ੍ਹਤ ਨਾਲ 36,021.42 ਦੇ ਪੱਧਰ 'ਤੇ ਬੰਦ ਹੋਇਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਨਿਫਟੀ 55.65 ਅੰਕ ਯਾਨੀ 0.53 ਫੀਸਦੀ ਦੀ ਬੜ੍ਹਤ ਨਾਲ 10,607.35 ਦੇ ਪੱਧਰ 'ਤੇ ਪਹੁੰਚ ਗਿਆ। ਸੈਂਸੈਕਸ ਦੀਆਂ ਕੰਪਨੀਆਂ 'ਚੋਂ ਭਾਰਤੀ ਏਅਰਟੈੱਲ ਦਾ ਸ਼ੇਅਰ ਸਭ ਤੋਂ ਵੱਧ 4 ਫੀਸਦੀ ਤੱਕ ਚੜ੍ਹਿਆ। ਇਸ ਤੋਂ ਇਲਾਵਾ ਬਜਾਜ ਆਟੋ, ਟੀ. ਸੀ. ਐੱਸ., ਟਾਈਟਨ, ਐੱਚ. ਸੀ. ਐੱਲ. ਟੈੱਕ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਵੀ ਵਾਧਾ ਹੋਇਆ। ਦੂਜੇ ਪਾਸੇ ਇੰਡਸਇੰਡ ਬੈਂਕ, ਟਾਟਾ ਸਟੀਲ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਆਈ। ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕਾ 'ਚ ਰੋਜ਼ਗਾਰ ਦੇ ਬਿਹਤਰ ਅੰਕੜਿਆਂ ਤੋਂ ਬਾਅਦ ਵੀਰਵਾਰ ਨੂੰ ਵਾਲ ਸਟ੍ਰੀਟ ਨੇ ਤੇਜ਼ੀ ਦਰਜ ਕੀਤੀ। ਸ਼ੁੱਕਰਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਨਾਲ ਭਾਰਤੀ ਬਾਜ਼ਾਰ 'ਚ ਵੀ ਹਾਂ-ਪੱਖੀ ਮਾਹੌਲ ਰਿਹਾ।