ਸੈਂਸੈਕਸ 'ਚ 200 ਤੋਂ ਵੱਧ ਅੰਕ ਦੀ ਗਿਰਾਵਟ, ਨਿਫਟੀ ਇੰਨਾ ਡਿੱਗਾ

09/16/2019 9:18:52 AM

ਮੁੰਬਈ— ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ 'ਤੇ ਹੋਏ ਡਰੋਨ ਹਮਲੇ ਮਗਰੋਂ ਤੇਲ ਕੀਮਤਾਂ 'ਚ 10 ਫੀਸਦੀ ਤੋਂ ਵੱਧ ਦੀ ਭਾਰੀ ਤੇਜ਼ੀ ਕਾਰਨ ਗਲੋਬਲ ਬਾਜ਼ਾਰਾਂ 'ਚ ਕਮਜ਼ੋਰੀ ਵਿਚਕਾਰ ਸੋਮਵਾਰ ਨੂੰ ਸੈਂਸੈਕਸ ਤੇ ਨਿਫਟੀ ਵੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 220.90 ਅੰਕ ਦੀ ਗਿਰਾਵਟ ਨਾਲ 37164.09 'ਤੇ ਹੋਈ ਹੈ।



ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 75 ਅੰਕ ਯਾਨੀ 0.67 ਫੀਸਦੀ ਦੀ ਗਿਰਾਵਟ ਨਾਲ 11,001 'ਤੇ ਖੁੱਲ੍ਹਾ ਹੈ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 60 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 200 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.62 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਦਿਨ ਇਹ 70.92 ਦੇ ਪੱਧਰ 'ਤੇ ਬੰਦ ਹੋਇਆ ਸੀ। ਸਰਕਾਰ ਵੱਲੋਂ ਇਕਨੋਮੀ ਨੂੰ ਬੂਸਟ ਦੇਣ ਲਈ ਕੀਤੇ ਗਏ ਕਈ ਉਪਾਵਾਂ ਦਾ ਪ੍ਰਭਾਵ ਵੀ ਬਾਜ਼ਾਰ 'ਤੇ ਦੇਖਣ ਨੂੰ ਮਿਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਊਸਿੰਗ ਤੇ ਬਰਾਮਦ ਖੇਤਰ ਲਈ 70 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਪੇਸ਼ ਕੀਤੀ ਹੈ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesariਸਾਊਦੀ 'ਚ ਡਰੋਨ ਹਮਲੇ ਕਾਰਨ ਕੱਚਾ ਤੇਲ ਮਹਿੰਗਾ ਹੋਣ ਤੇ ਈਰਾਨ-ਅਮਰੀਕਾ ਵਿਚਕਾਰ ਤੱਲਖੀ ਵਧਣ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਏਸ਼ੀਆਈ ਬਾਜ਼ਾਰਾਂ 'ਚ ਮਿਲੀ-ਜੁਲੀ ਤੇਜ਼ੀ ਦੇਖਣ ਨੂੰ ਮਿਲੀ ਹੈ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 0.10 ਫੀਸਦੀ ਦੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਹੈ, ਪਹਿਲਾਂ ਇਹ ਗਿਰਾਵਟ 'ਚ ਸੀ। ਜਪਾਨ ਦੇ ਬਾਜ਼ਾਰ ਨਿੱਕੇਈ 'ਚ ਅੱਜ ਛੁੱਟੀ ਹੈ। ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 270 ਅੰਕ ਯਾਨੀ 1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 100 ਅੰਕ ਯਾਨੀ 0.9 ਫੀਸਦੀ ਡਿੱਗ ਕੇ 11,014 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ 0.31 ਫੀਸਦੀ ਦੀ ਮਾਮੂਲੀ ਤੇਜ਼ੀ, ਜਦੋਂ ਕਿ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 0.02 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।


Related News